YouTuber Sukhbir Singh : ਯੂਟਿਊਬਰ ਸੁਖਬੀਰ ਸਿੰਘ ਦੇ ਘਰ NIA ਦੀ ਰੇਡ , ਡੇਢ ਘੰਟਾ ਘਰ ਦੀ ਤਲਾਸ਼ੀ ਲੈਣ ਤੋਂ ਬਾਅਦ ਵਾਪਸ ਪਰਤੀ ਟੀਮ
YouTuber Sukhbir Singh : ਐਨਆਈਏ (NIA) ਨੇ ਅੱਜ ਸਵੇਰੇ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਸਥਿਤ ਯੂਟਿਊਬਰ ਸੁਖਬੀਰ ਸਿੰਘ ਦੇ ਘਰ ਰੇਡ ਕੀਤੀ ਹੈ। ਐਨਆਈਏ ਦੀ ਟੀਮ ਨੇ ਲਗਭਗ ਡੇਢ ਘੰਟੇ ਤੱਕ ਘਰ ਦੀ ਤਲਾਸ਼ੀ ਲਈ। ਛਾਪੇ ਦੌਰਾਨ ਸੁਖਬੀਰ ਸਿੰਘ ਘਰ ਵਿੱਚ ਮੌਜੂਦ ਨਹੀਂ ਸੀ। ਯੂਟਿਊਬਰ ਸੁਖਬੀਰ ਸਿੰਘ ਦੇ ਘਰ ਨਾ ਮਿਲਣ ਕਾਰਨ ਐਨਆਈਏ ਦੀ ਟੀਮ ਨੇ ਡੇਢ ਘੰਟਾ ਘਰ ਦੀ ਤਲਾਸ਼ੀ ਲਈ ਅਤੇ ਫਿਰ ਵਾਪਸ ਚਲੀ ਗਈ। ਸੂਤਰਾਂ ਅਨੁਸਾਰ ਐਨਆਈਏ ਨੂੰ ਸ਼ੱਕ ਹੈ ਕਿ ਸੁਖਬੀਰ ਸਿੰਘ ਦਾ ਪਾਕਿਸਤਾਨ ਦੇ ਕਿਸੇ ਵਿਅਕਤੀ ਨਾਲ ਸੰਪਰਕ ਹੈ।
ਟੀਮ ਨੇ ਘਰ ਵਿੱਚ ਮੌਜੂਦ ਲੋਕਾਂ ਤੋਂ ਪੁੱਛਗਿੱਛ ਕੀਤੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਯੂਟਿਊਬਰ ਸੋਸ਼ਲ ਮੀਡੀਆ 'ਤੇ ਇੱਕ ਪਾਕਿਸਤਾਨੀ ਵਿਅਕਤੀ ਭੱਟੀ ਦੇ ਸੰਪਰਕ ਵਿੱਚ ਸੀ। ਐਨਆਈਏ ਨੇ ਸੁਖਬੀਰ ਸਿੰਘ ਨੂੰ ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਹਾਲਾਂਕਿ, ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਐਨਆਈਏ ਦੀ ਟੀਮ ਸਵੇਰੇ ਆਈ ਅਤੇ ਜਾਂਚ ਤੋਂ ਬਾਅਦ ਚੰਡੀਗੜ੍ਹ ਵਾਪਸ ਆ ਗਈ ਹੈ।
ਦੱਸ ਦੇਈਏ ਕਿ ਜੋਤੀ ਮਲਹੋਤਰਾ ਮਗਰੋਂ ਯੂਟਿਊਬਰਾਂ ਦੀ ਸ਼ਾਮਤ ਆ ਗਈ ਹੈ। ਏਜੰਸੀਆਂ ਯੂਟਿਊਬਰਾਂ ਦੇ ਸੋਸ਼ਲ ਮੀਡੀਆ ਅਕਾਊਂਟ ਖੰਗਾਲ ਰਹੀਆਂ ਹਨ। ਪਿਛਲੇ ਦਿਨੀਂ ਪੰਜਾਬ ਪੁਲਿਸ ਨੇ ਯੂਟਿਊਬਰ ਜਸਬੀਰ ਸਿੰਘ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਸੀ। ਜਸਬੀਰ ਸਿੰਘ, ਜਾਨ ਮਾਹਲ ਨਾਮ ਦਾ ਇੱਕ ਯੂਟਿਊਬ ਚੈਨਲ ਚਲਾਉਂਦਾ ਹੈ ਅਤੇ ਰੂਪਨਗਰ ਜ਼ਿਲ੍ਹੇ ਦੇ ਪਿੰਡ ਮਾਹਲਾਂ ਦਾ ਰਹਿਣ ਵਾਲਾ ਹੈ।
ਯੂਟਿਊਬਰ ਜਸਬੀਰ ਸਿੰਘ ਦਾ ਪਾਕਿਸਤਾਨੀ ਕਨੈਕਸ਼ਨ
ਇਸ ਸਬੰਧੀ ਐਕਸ 'ਤੇ ਪੋਸਟ ਕਰਦਿਆਂ ਡੀਜੀਪੀ ਨੇ ਲਿਖਿਆ ਸੀ ਕਿ, ਜਸਬੀਰ ਸਿੰਘ, ਜੋ "ਜਾਨ ਮਾਹਲ" ਨਾਮਕ ਇੱਕ ਯੂਟਿਊਬ ਚੈਨਲ ਚਲਾਉਂਦਾ ਹੈ, ਨੂੰ ਪੀਆਈਓ ਸ਼ਕੀਰ ਉਰਫ਼ ਜੱਟ ਰੰਧਾਵਾ ਨਾਲ ਜੁੜਿਆ ਪਾਇਆ ਗਿਆ ਹੈ, ਜੋ ਕਿ ਇੱਕ ਅੱਤਵਾਦੀ-ਸਮਰਥਿਤ ਜਾਸੂਸੀ ਨੈੱਟਵਰਕ ਦਾ ਹਿੱਸਾ ਹੈ। ਉਸਨੇ ਹਰਿਆਣਾ-ਅਧਾਰਤ ਯੂਟਿਊਬਰ ਜੋਤੀ ਮਲਹੋਤਰਾ (ਜਾਸੂਸੀ ਲਈ ਗ੍ਰਿਫਤਾਰ) ਅਤੇ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼, ਇੱਕ ਪਾਕਿਸਤਾਨੀ ਨਾਗਰਿਕ ਅਤੇ ਕੱਢੇ ਗਏ ਪਾਕਿ ਹਾਈ ਕਮਿਸ਼ਨ ਦੇ ਅਧਿਕਾਰੀ ਨਾਲ ਵੀ ਨਜ਼ਦੀਕੀ ਸੰਪਰਕ ਬਣਾਈ ਰੱਖਿਆ।
ਡੀਜੀਪੀ ਨੇ ਲਿਖਿਆ ਸੀ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਜਸਬੀਰ ਨੇ ਦਾਨਿਸ਼ ਦੇ ਸੱਦੇ 'ਤੇ ਦਿੱਲੀ ਵਿੱਚ ਪਾਕਿਸਤਾਨ ਰਾਸ਼ਟਰੀ ਦਿਵਸ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ, ਜਿੱਥੇ ਉਹ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਅਤੇ ਵਲੌਗਰਾਂ ਨੂੰ ਮਿਲਿਆ ਸੀ। ਉਸ ਨੇ ਤਿੰਨ ਵਾਰ ਪਾਕਿਸਤਾਨ ਦੀ ਯਾਤਰਾ ਕੀਤੀ (2020, 2021, 2024), ਅਤੇ ਉਸ ਦੇ ਇਲੈਕਟ੍ਰਾਨਿਕ ਡਿਵਾਈਸਾਂ ਵਿੱਚ ਕਈ ਪਾਕਿਸਤਾਨ-ਅਧਾਰਤ ਨੰਬਰ ਸਨ, ਜੋ ਹੁਣ ਵਿਸਤ੍ਰਿਤ ਫੋਰੈਂਸਿਕ ਜਾਂਚ ਅਧੀਨ ਹਨ।
ਯੂਟਿਊਬਰ ਜੋਤੀ ਮਲਹੋਤਰਾ ?
ਹਰਿਆਣਾ ਦੇ ਹਿਸਾਰ ਦੀ ਟ੍ਰੈਵਲ ਬਲੌਗਰ ਅਤੇ ਯੂਟਿਊਬਰ ਜੋਤੀ ਮਲਹੋਤਰਾ ਨੂੰ ਵੀ ਮਈ ਵਿੱਚ ਜਾਸੂਸੀ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਜੋਤੀ ਮਲਹੋਤਰਾ ਇੱਕ ਟ੍ਰੈਵਲ ਵਲੌਗਰ ਹੈ। ਉਸ ਦੇ ਯੂਟਿਊਬ ਚੈਨਲ ਦਾ ਨਾਮ 'ਟ੍ਰੈਵਲ ਵਿਦ ਜੋ' ਹੈ। ਉਸ ਨੇ ਆਪਣੇ ਯੂਟਿਊਬ ਚੈਨਲ ਉੱਤੇ ਕਈ ਵੱਖ-ਵੱਖ ਦੇਸ਼ਾਂ ਦੇ ਆਪਣੇ ਸਫ਼ਰਨਾਮੇ ਸਾਂਝੇ ਕੀਤੇ ਹਨ। ਹਿਸਾਰ ਪੁਲਿਸ ਨੇ ਖੁਲਾਸਾ ਕੀਤਾ ਸੀ ਕਿ ਜੋਤੀ ਆਪਣੀ ਆਮਦਨ ਤੋਂ ਵੱਧ ਆਲੀਸ਼ਾਨ ਜ਼ਿੰਦਗੀ ਜੀਅ ਰਹੀ ਸੀ। ਉਸ ਵੇਲੇ ਹਿਸਾਰ ਦੇ ਐੱਸਪੀ ਸ਼ਸ਼ਾਂਕ ਕੁਮਾਰ ਸਾਵਨ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਪਾਕਿਸਤਾਨ ਜੋਤੀ ਨੂੰ ਆਪਣੀ ਇੱਕ ਮਦਦਗਾਰ ਬਣਾਉਣ ਦੀ ਤਿਆਰੀ ਕਰ ਰਿਹਾ ਸੀ, ਜੋ ਭਾਰਤ ਦੀ ਖ਼ੁਫੀਆ ਜਾਣਕਾਰੀ ਮੁਹੱਈਆ ਕਰਵਾਏ।
- PTC NEWS