Gurdaspur news: ਗੁਰਦਾਸਪੁਰ ਦਾ ਇੱਕ ਨੌਜਵਾਨ ਜੋ ਰੋਜ਼ੀ-ਰੋਟੀ ਲਈ ਅਮਰੀਕਾ ਗਿਆ ਸੀ, ਦੀ ਸੜਕ ਹਾਦਸੇ ਵਿੱਚ ਦੁਖਦਾਈ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਜੇਪੀ (33) ਵਜੋਂ ਹੋਈ ਹੈ, ਲਗਭਗ ਅੱਠ ਸਾਲ ਪਹਿਲਾਂ ਇੱਕ ਬਿਹਤਰ ਭਵਿੱਖ ਦੀ ਭਾਲ ਵਿੱਚ ਅਮਰੀਕਾ ਗਿਆ ਸੀ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਮੁਤਾਬਿਕ ਉਹ ਅਮਰੀਕਾ ’ਚ ਉਬੇਰ ਟੈਕਸੀ ਲਈ ਡਰਾਈਵਰ ਵਜੋਂ ਕੰਮ ਕਰਦਾ ਸੀ ਅਤੇ ਸਖ਼ਤ ਮਿਹਨਤ ਕਰਕੇ ਆਪਣਾ ਛੋਟਾ ਜਿਹਾ ਕਾਰੋਬਾਰ ਸਥਾਪਤ ਕੀਤਾ ਸੀ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 7 ਫਰਵਰੀ ਨੂੰ, ਗੁਰਪ੍ਰੀਤ ਯਾਤਰੀਆਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ 'ਤੇ ਛੱਡਣ ਲਈ ਆਪਣੀ ਕਾਰ ਚਲਾ ਰਿਹਾ ਸੀ। ਗੱਡੀ ਚਲਾਉਂਦੇ ਸਮੇਂ ਉਸਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਸੜਕ ਦੇ ਡਿਵਾਈਡਰ ਨਾਲ ਟਕਰਾ ਗਈ। ਹਾਦਸੇ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ, ਉਸਦੀ ਰੀੜ੍ਹ ਦੀ ਹੱਡੀ ਟੁੱਟ ਗਈ। ਉਸਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।ਗੁਰਪ੍ਰੀਤ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਧੀਆਂ ਛੱਡ ਗਿਆ ਹੈ, ਜੋ ਉਸਦੇ ਨਾਲ ਅਮਰੀਕਾ ਵਿੱਚ ਹੀ ਰਹਿ ਰਹੀਆਂ ਸਨ। ਉਸਦੀ ਭੈਣ ਅਤੇ ਹੋਰ ਸਹੁਰਾ ਪਰਿਵਾਰ ਵੀ ਉੱਥੇ ਹੀ ਵਸਦੇ ਹਨ। ਪਿੰਡ ਵਿੱਚ ਰਹਿੰਦੇ ਉਸਦੇ ਮਾਤਾ-ਪਿਤਾ ਅਤੇ ਹੋਰ ਸਬੰਧੀ ਇਸ ਅਚਾਨਕ ਵਿਛੋੜੇ ਨਾਲ ਗਹਿਰੇ ਦੁੱਖ ਵਿੱਚ ਹਨ।ਪਰਿਵਾਰਕ ਮੈਂਬਰਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੂਬੇ ਵਿੱਚ ਰੋਜ਼ਗਾਰ ਦੇ ਵਧੀਆ ਮੌਕੇ ਪੈਦਾ ਕੀਤੇ ਜਾਣ ਤਾਂ ਜੋ ਨੌਜਵਾਨਾਂ ਨੂੰ ਵਿਦੇਸ਼ ਜਾਣ ਲਈ ਮਜਬੂਰ ਨਾ ਹੋਣਾ ਪਵੇ। ਨਾਲ ਹੀ, ਉਹਨਾਂ ਨੇ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀਆਂ ਦੇ ਭਵਿੱਖ ਦੀ ਸੁਰੱਖਿਆ ਲਈ ਉਚਿਤ ਕਦਮ ਚੁੱਕਣ ਦੀ ਵੀ ਅਪੀਲ ਕੀਤੀ।ਗੁਰਪ੍ਰੀਤ ਸਿੰਘ ਦੀ ਅਚਾਨਕ ਮੌਤ ਨਾਲ ਪਿੰਡ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਗਮਗੀਨ ਮਾਹੌਲ ਹੈ ਅਤੇ ਲੋਕ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰ ਰਹੇ ਹਨ।