ਅਮ੍ਰਿੰਤਸਰ 'ਚ ਇਨਫਲੂਐਂਸਰ Mad Sandhu ਦਾ ਗੋਲੀਆਂ ਮਾਰ ਕੇ ਕਤਲ
PTC News Desk: ਸੋਸ਼ਲ ਮੀਡੀਆ ਇੰਫਲੂਐਂਸਰ (Social media influencer) ਮੈਡ ਸੰਧੂ (Mad Sandhu) ਦਾ ਸ਼ਨੀਵਾਰ ਸ਼ਾਮ ਅੰਮ੍ਰਿਤਸਰ (Amritsar) ਦੀ ਲੋਹਾਰਕਾ ਰੋਡ 'ਤੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਬਾਈਕ 'ਤੇ ਸਵਾਰ ਦੋ ਅਣਪਛਾਤੇ ਹਮਲਾਵਰਾਂ ਨੇ ਉਸ 'ਤੇ ਗੋਲ਼ੀਆਂ ਚਲਾਈਆਂ।
ਇਹ ਵਾਰਦਾਤ ਕਰੀਬ ਸ਼ਾਮ 6 ਵਜੇ ਹੋਈ, ਜਦੋਂ ਹਮਲਾਵਰਾਂ ਨੇ ਜਨਤਕ ਥਾਂ 'ਤੇ ਸੰਧੂ 'ਤੇ ਚਾਰ ਫਾਇਰ ਕੀਤੇ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਜਾ ਰਿਹਾ ਸੀ, ਪਰ ਦੱਸਿਆ ਜਾ ਰਿਹਾ ਹੈ ਕਿ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।
ਘਟਨਾ ਨਾਲ ਜੁੜੀ ਦੱਸੀ ਜਾ ਰਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਇਸ ਵਿੱਚ ਸੰਧੂ ਸੜਕ 'ਤੇ ਜ਼ਖ਼ਮੀ ਹਾਲਤ ਵਿੱਚ ਪਿਆ ਦਿਖਾਈ ਦਿੰਦਾ ਹੈ ਅਤੇ ਉਸ ਦੇ ਸਾਥੀ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ। ਮੌਕੇ 'ਤੇ ਗੋਲ਼ੀਆਂ ਦੇ ਖ਼ਾਲੀ ਖੋਲ ਵੀ ਖਿੱਲਰੇ ਨਜ਼ਰ ਆਉਂਦੇ ਹਨ।
ਸੂਚਨਾ ਮਿਲਣ ਮਗਰੋਂ ਪੁਲਿਸ ਮੌਕੇ 'ਤੇ ਪਹੁੰਚੀ। ਡੀਸੀਪੀ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਘਟਨਾ ਸਥਾਨ ਤੋਂ ਦੋ ਖ਼ਾਲੀ ਖੋਲ ਬਰਾਮਦ ਕੀਤੇ ਹਨ ਅਤੇ ਮਾਮਲੇ ਦੀ ਜਾਂਚ ਲਈ ਟੀਮ ਬਣਾ ਦਿੱਤੀ ਗਈ ਹੈ।
ਗੋਲਡੀ ਢਿੱਲੋਂ ਨੇ ਮੈਡ ਸੰਧੂ ਦੇ ਕਤਲ ਦੀ ਜ਼ਿੰਮੇਵਾਰੀ ਲਈ
ਮੌਤ ਤੋਂ ਕੁਝ ਘੰਟੇ ਪਹਿਲਾਂ ਪਾਈ ਸੀ ਆਖ਼ਰੀ ਰੀਲ
ਮੈਡ ਸੰਧੂ ਨੇ ਸ਼ਨੀਵਾਰ ਨੂੰ ਕਰੀਬ 5 ਵਜੇ, ਯਾਨੀ ਗੋਲ਼ੀਬਾਰੀ ਤੋਂ ਲਗਭਗ ਇੱਕ ਘੰਟਾ ਪਹਿਲਾਂ, ਇੰਸਟਾਗ੍ਰਾਮ 'ਤੇ ਆਪਣੀ ਆਖ਼ਰੀ ਮੰਨੀ ਜਾ ਰਹੀ ਰੀਲ ਪੋਸਟ ਕੀਤੀ ਸੀ। ਪੰਜਾਬੀ ਕੈਪਸ਼ਨ ਵਿੱਚ ਉਹ ਵਿਆਹ ਕਰਵਾਉਣ ਦੀ ਇੱਛਾ ਜ਼ਾਹਰ ਕਰਦਾ ਅਤੇ ਕਿਸੇ "ਬਦਮਾਸ਼" ਨਾਲ ਨਜਿੱਠਣ ਦੀ ਗੱਲ ਕਰਦਾ ਨਜ਼ਰ ਆਇਆ।
ਤਿੰਨ ਮਹੀਨੇ ਪਹਿਲਾਂ ਨਿਹੰਗ ਜਥੇਦਾਰ ਨਾਲ ਹੋਇਆ ਸੀ ਵਿਵਾਦ
ਜਾਣਕਾਰੀ ਮੁਤਾਬਕ ਕਰੀਬ ਤਿੰਨ ਮਹੀਨੇ ਪਹਿਲਾਂ ਸੰਧੂ ਦਾ ਨਿਹੰਗ ਜਥੇਦਾਰ ਮਨਪ੍ਰੀਤ ਸਿੰਘ ਖ਼ਾਲਸਾ ਨਾਲ ਵਿਵਾਦ ਹੋਇਆ ਸੀ। ਉਸ ਸਮੇਂ ਉਸ ਦੇ ਸੋਸ਼ਲ ਮੀਡੀਆ ਕੰਟੈਂਟ, ਪਹਿਰਾਵੇ ਅਤੇ ਕੁਝ ਪੁਰਾਣੀਆਂ ਵੀਡੀਓਜ਼ 'ਤੇ ਇਤਰਾਜ਼ ਜਤਾਇਆ ਗਿਆ ਸੀ। ਨਿਹੰਗ ਪੱਖ ਨੇ ਉਸ ਨੂੰ ਅਜਿਹੇ ਕੰਟੈਂਟ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਸੀ, ਜੋ ਉਨ੍ਹਾਂ ਮੁਤਾਬਕ ਪੰਜਾਬ ਦੇ ਸੱਭਿਆਚਾਰ ਅਤੇ ਨੌਜਵਾਨਾਂ 'ਤੇ ਮਾੜਾ ਅਸਰ ਪਾ ਸਕਦਾ ਸੀ।
ਇਸ ਮਗਰੋਂ ਸੰਧੂ ਨੇ ਆਪਣਾ ਪੱਖ ਰੱਖਦਿਆਂ ਕਿਹਾ ਸੀ ਕਿ ਉਸ ਨੇ ਆਪਣੀ ਜ਼ਿੰਦਗੀ ਵਿੱਚ ਬਦਲਾਅ ਕੀਤੇ ਹਨ ਅਤੇ ਪੁਰਾਣੀਆਂ ਗ਼ਲਤੀਆਂ ਦੁਹਰਾਉਣੀਆਂ ਬੰਦ ਕਰ ਦਿੱਤੀਆਂ ਹਨ। ਉਸ ਨੇ ਇਹ ਵੀ ਦੋਸ਼ ਲਾਇਆ ਸੀ ਕਿ ਉਸ ਦੀਆਂ ਪੁਰਾਣੀਆਂ ਵੀਡੀਓਜ਼ ਨੂੰ ਬੇਲੋੜਾ ਮੁੜ ਵਾਇਰਲ ਕਰਕੇ ਵਿਵਾਦ ਭੜਕਾਇਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਸੰਧੂ ਦਾ ਪੰਜਾਬੀ ਗਾਇਕ ਕੇਐੱਸ ਮੱਖਣ (KS Makhan) ਨਾਲ ਵੀ ਸੋਸ਼ਲ ਮੀਡੀਆ 'ਤੇ ਵਿਵਾਦ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਇਹ ਮਾਮਲਾ ਗਾਇਕ ਵੱਲੋਂ ਇੱਕ ਲਾਈਵ ਸ਼ੋਅ ਅਤੇ ਪੌਡਕਾਸਟ ਦੌਰਾਨ ਸੰਧੂ ਦੇ ਸਟਾਈਲ ਤੇ ਜੀਵਨ-ਸ਼ੈਲੀ ਬਾਰੇ ਕੀਤੀਆਂ ਟਿੱਪਣੀਆਂ ਤੋਂ ਸ਼ੁਰੂ ਹੋਇਆ, ਜਿਸ ਮਗਰੋਂ ਦੋਵੇਂ ਧਿਰਾਂ ਨੇ ਸੋਸ਼ਲ ਮੀਡੀਆ 'ਤੇ ਇੱਕ-ਦੂਜੇ ਖ਼ਿਲਾਫ਼ ਬਿਆਨਬਾਜ਼ੀ ਕੀਤੀ।
ਪੁਲਿਸ ਹੁਣ ਕਤਲ ਦੇ ਹਾਲਾਤ, ਹਮਲਾਵਰਾਂ ਦੀ ਪਛਾਣ ਅਤੇ ਵਾਰਦਾਤ ਦੇ ਮਕਸਦ ਦੀ ਜਾਂਚ ਕਰ ਰਹੀ ਹੈ।
- PTC NEWS