ਸਿੱਖਿਆ ਵਿਭਾਗ ਵੱਲੋਂ ਅੰਦੋਲਨ ਕਰਦੇ ਅਧਿਆਪਕਾਂ ਦੀਆਂ ਛੁੱਟੀਆਂ ਜਬਰੀ ਰੱਦ ਕਰਨ ਦੇ ਪੱਤਰ ਦੀ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਸਖਤ ਨਿਖੇਧੀ
ਫਿਲੌਰ: ਸਰਕਾਰੀ ਅਧਿਆਪਕਾਂ ਦੀ ਪ੍ਰਤੀਨਿਧ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਨਵੀਂ ਸਰਕਾਰ ਵਲੋਂ ਬਰਨਾਲਾ ਵਿਖੇ ਬਦਲੀਆਂ ਲਾਗੂ ਕਰਾਉਂਣ ਲਈ ਅੰਦੋਲਨ ਕਰ ਰਹੇ ਅਧਿਆਪਕਾਂ ਦੀਆਂ ਛੁੱਟੀਆਂ ਨੂੰ ਰੱਦ ਕਰਨ ਦੇ ਪੱਤਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਅਤੇ ਪ੍ਰੈੱਸ ਸਕੱਤਰ ਸੁਰਜੀਤ ਸਿੰਘ ਮੋਹਾਲੀ ਸਹਾਇਕ ਪੈ੍ਸ ਸਕੱਤਰ ਕਰਨੈਲ ਫਿਲੌਰ ਨੇ ਪ੍ਰੈੱਸ ਦੇ ਨਾਂ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਅੰਦੋਲਨਕਾਰੀ ਅਧਿਆਪਕਾਂ ਨਾਲ ਮੀਟਿੰਗ ਕਰਕੇ ਉਹਨਾਂ ਦੇ ਮਸਲਿਆਂ ਦਾ ਹੱਲ ਕੀਤਾ ਜਾਵੇ ਨਾ ਕਿ ਪੁਰਾਣੀਆਂ ਸਰਕਾਰਾਂ ਵਾਲੀ ਦਮਨਕਾਰੀ ਨੀਤੀ ਅਪਣਾਈ ਜਾਵੇ। ਆਗੂਆਂ ਨੇ ਕਿਹਾ ਹੈ ਕਿ ਪੰਜਾਬ ਦੀ ਸਿੱਖਿਆ ਤੇ ਸਿਹਤ ਜਿਹੀਆਂ ਸਹੂਲਤਾਂ ਨੂੰ ਲੀਹ ਤੇ ਲਿਆਉਂਣ ਲਈ ਹੀ ਲੋਕਾਂ ਨੇ ਪੰਜਾਬ ਵਿੱਚ ਨਵੀਂ ਸਰਕਾਰ ਨੂੰ ਮੌਕਾ ਦਿੱਤਾ ਹੈ ਪਰ ਜੇ ਇਸ ਸਰਕਾਰ ਨੇ ਵੀ ਪਹਿਲੀਆਂ ਸਰਕਾਰਾਂ ਵਾਂਗ ਲੋਕਾਂ ਦੀ ਜੁਬਾਨ ਲਾਠੀ ਗੋਲ਼ੀ ਤੇ ਕਾਲੇ ਕਨੂੰਨਾਂ ਰਾਹੀਂ ਹੀ ਦਬਾਉਂਣੀ ਹੈ ਤਾਂ ਲੋਕ ਬਹਤਾ ਸਮਾਂ ਇਸ ਸਰਕਾਰ ਨੂੰ ਵੀ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਕਿਹਾ ਕਿ ਲੋੜ ਤਾਂ ਸਿੱਖਿਆ ਵਿਭਾਗ ਜੋ ਕਿ ਪੁਰਾਣੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਣ ਹਾਸ਼ੀਏ ਤੇ ਚਲਾ ਗਿਆ ਹੈ ਨੂੰ ਸਾਰੇ ਵਰਗਾ ਦਾ ਸਹਿਯੋਗ ਲੈ ਕੇ ਸੁਧਾਰਨ ਦੀ ਹੈ ਨਾ ਕਿ ਹੱਕੀ ਅਵਾਜਾਂ ਨੂੰ ਕੁਚਲਣ ਦੀ। ਇਸ ਸਮੇਂ ਆਗੂਆਂ ਨੇ ਕਿਹਾ ਕਿ ਮਿਤੀ 08 ਅਪ੍ਰੈਲ ਨੂੰ ਫਿਰੋਜ਼ਪੁਰ ਦੇ ਸ਼ਹਿਰ ਜੀਰਾ ਵਿੱਚ ਸੂਬਾਈ ਜਨਰਲ ਇਜਲਾਸ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਹ ਵੀ ਪੜ੍ਹੋ:ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਵਾਲੇ ਅਧਿਆਪਕਾਂ 'ਤੇ ਕਾਰਵਾਈ ਕਰਨ ਦੇ ਆਦੇਸ਼ ਜਾਰੀ -PTC News