ਸਰਕਾਰ ਨੇ ਆਟਾ ਮਿੱਲਾਂ ਤੋਂ ਪੇਸ਼ਕਸ਼ਾਂ ਮੰਗੀਆਂ
ਚੰਡੀਗੜ੍ਹ : ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕਣਕ ਨੂੰ ਪੀਸਣ ਤੇ ਪੈਕ ਕਰਨ ਲਈ ਸੂਬੇ ਭਰ ਦੀਆਂ ਆਟਾ ਮਿੱਲਾਂ ਤੋਂ expression of interest ਯਾਨੀ ਕਿ ਦਿਲਚਸਪੀ ਪ੍ਰਗਟਾਉਣ ਲਈ ਸੱਦਾ ਦਿੱਤਾ ਹੈ। ਸਰਕਾਰ ਨੇ ਘੱਟੋ-ਘੱਟ 100 ਮੀਟ੍ਰਿਕ ਟਨ ਪੀਸਣ ਦੀ ਸਮਰੱਥਾ ਵਾਲੀਆਂ ਆਟਾ ਮਿੱਲਾਂ ਤੋਂ 15 ਅਪ੍ਰੈਲ ਤੱਕ ਪੇਸ਼ਕਸ਼ਾਂ ਮੰਗੀਆਂ ਹਨ। ਇਸ ਦੇ ਨਾਲ ਹੀ ਸਰਕਾਰ ਲਾਭਪਾਤਰੀਆਂ ਨੂੰ ਆਟੇ ਦੀ ਤਿਮਾਹੀ ਵੰਡ ਦੀ ਬਜਾਏ, ਇਸ ਨੂੰ ਮਹੀਨਾਵਾਰ ਆਧਾਰ 'ਤੇ ਵੰਡੇਗੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕਣਕ ਦੀ ਬਜਾਏ ਆਟੇ ਦੀ ਵੰਡ ਤਿੰਨ ਮਹੀਨਿਆਂ ਦੇ ਅੰਦਰ ਸ਼ੁਰੂ ਹੋ ਜਾਵੇਗੀ। ਕੰਮ ਲਈ ਠੇਕੇ 'ਤੇ ਲਈਆਂ ਜਾਣ ਵਾਲੀਆਂ ਆਟਾ ਮਿੱਲਾਂ 5 ਕਿਲੋ ਦੇ ਪੈਕ ਵਿੱਚ ਆਟਾ ਪੈਕ ਕਰਨਗੀਆਂ। ਸਰਕਾਰ ਈ-ਕਾਮਰਸ ਕੰਪਨੀਆਂ ਦੇ ਡਿਲੀਵਰੀ ਹਿੱਸੇਦਾਰਾਂ ਦੀ ਵਰਤੋਂ ਕਰ ਕੇ ਆਟਾ ਘਰ-ਘਰ ਪਹੁੰਚਾਉਣ 'ਤੇ ਵਿਚਾਰ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੀ 28 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਾਭਪਾਤਰੀਆਂ ਦੇ ਘਰ-ਘਰ ਰਾਸ਼ਨ ਪਹੁੰਚਾਉਣ ਲਈ ਆਪਣੀ ਸਰਕਾਰ ਦੇ ਫ਼ੈਸਲੇ ਦਾ ਐਲਾਨ ਕੀਤਾ ਸੀ। ਹੁਣ ਤੱਕ ਰਾਜ ਵਿੱਚ ਰਾਸ਼ਨ ਡਿਪੂਆਂ ਤੋਂ ਕਣਕ ਦੀ ਵੰਡ ਕੀਤੀ ਜਾਂਦੀ ਹੈ, ਜੋ ਲਾਭਪਾਤਰੀਆਂ ਦੀ ਬਾਇਓਮੀਟ੍ਰਿਕ ਤਸਦੀਕ ਲਈ ਇਲੈਕਟ੍ਰਾਨਿਕ ਪੁਆਇੰਟ ਆਫ ਸੇਲ (ਪੀਓਐਸ) ਮਸ਼ੀਨਾਂ ਦੀ ਵਰਤੋਂ ਕਰਦੇ ਹਨ। ਜਦੋਂ 2007 ਵਿੱਚ ਆਟਾ-ਦਾਲ ਸਕੀਮ ਸ਼ੁਰੂ ਕੀਤੀ ਗਈ ਸੀ ਤਾਂ ਲਾਭਪਾਤਰੀਆਂ ਨੂੰ 1 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਆਟਾ ਵੰਡਣ ਦਾ ਫ਼ੈਸਲਾ ਕੀਤਾ ਗਿਆ ਸੀ। ਹਾਲਾਂਕਿ ਇਸ ਡਰ ਤੋਂ ਕਿ ਆਟਾ ਖ਼ਰਾਬ ਹੋ ਸਕਦਾ ਹੈ ਜਾਂ ਮਿਲਾਵਟੀ ਹੋ ਸਕਦਾ ਹੈ, ਤਤਕਾਲੀ ਸਰਕਾਰ ਨੇ ਸਿਰਫ਼ ਕਣਕ ਵੰਡਣ ਦਾ ਫ਼ੈਸਲਾ ਕੀਤਾ ਸੀ। ਸਰਕਾਰ ਦੇ ਇਸ ਫ਼ੈਸਲੇ ਨਾਲ ਜ਼ਰੂਰਤਮੰਦ ਲੋਕਾਂ ਨੂੰ ਕਾਫੀ ਫਾਇਦਾ ਪੁੱਜੇਗਾ। ਇਹ ਵੀ ਪੜ੍ਹੋ : ਰਾਜਾ ਵੜਿੰਗ ਬਣੇ ਪੰਜਾਬ ਕਾਂਗਰਸ ਦੇ ਪ੍ਰਧਾਨ, ਭਾਰਤ ਭੂਸ਼ਣ ਆਸ਼ੂ ਕਾਰਜਕਾਰੀ ਪ੍ਰਧਾਨ ਲਾਏ