ਅਣਮੋਲ ਚੱਢਾ 'ਤੇ ਹਮਲੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ
ਅੰਮ੍ਰਿਤਸਰ : ਅੰਮ੍ਰਿਤਸਰ 'ਚ ਹੋਟਲ 'ਕਲਾਰਕ ਇਨ' ਦੇ ਮਾਲਕ 'ਤੇ ਹਮਲੇ ਸਬੰਧੀ ਪੁਲਿਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਮਰਹੂਮ ਚਰਨਜੀਤ ਸਿੰਘ ਚੱਢਾ ਦੇ ਪੋਤਰੇ ਪੀੜਤ ਅਨਮੋਲ ਚੱਢਾ ਨੂੰ ਆਪਣੇ ਚਾਚਾ ਹਰਜੀਤ ਚੱਢਾ 'ਤੇ ਸ਼ੱਕ ਹੈ। ਹਰਜੀਤ ਚੱਢਾ ਪਿਛਲੇ ਦਿਨੀਂ ਅਨਮੋਲ ਨੂੰ ਧਮਕੀਆਂ ਦੇਣ ਲਈ ਤੇਜ਼ਧਾਰ ਹਥਿਆਰਾਂ ਅਤੇ ਸਾਥੀਆਂ ਨਾਲ ਹੋਟਲ ਪਹੁੰਚਿਆ ਸੀ। ਇਸ ਸਬੰਧੀ ਅਣਮੋਲ ਚੱਢਾ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾ ਚੁੱਕੇ ਹਨ। ਇੰਦਰਜੀਤ ਖ਼ੁਦਕੁਸ਼ੀ ਮਾਮਲੇ 'ਚ ਹਰਜੀਤ ਚੱਢਾ ਜੇਲ੍ਹ ਜਾ ਚੁੱਕਾ ਹੈ। ਪਰਿਵਾਰ ਦਾ ਸ਼ੱਕ ਹੈ ਕਿ ਰੰਜਿਸ਼ ਕਾਰਨ ਹਮਲਾ ਕੀਤਾ ਗਿਆ ਹੈ। ਅਣਮੋਲ ਚੱਢਾ ਦੇ ਪਿਤਾ ਇੰਦਰਜੀਤ ਚੱਢਾ ਨੇ ਖ਼ੁਦਕੁਸ਼ੀ ਨੋਟ ਵਿੱਚ ਹਰਜੀਤ ਚੱਢਾ ਨਾਮ ਵੀ ਲਿਖਿਆ ਸੀ, ਜਿਸ ਕਾਰਨ ਉਹ ਰੰਜ਼ਿਸ਼ ਰੱਖ ਰਿਹਾ ਸੀ। ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਬਾਅਦ ਦੁਪਹਿਰ ਤਿੰਨ ਵਜੇ ਰਣਜੀਤ ਐਵੀਨਿਊ ਵਿੱਚ ਸਟਾਰ ਬਕਸ ਕੌਫੀ ਸ਼ਾਪ ਦੇ ਬਾਹਰ ਐਕਟਿਵਾ ਸਵਾਰ ਨੌਜਵਾਨਾਂ ਨੇ ਹੋਟਲ ਕਾਰੋਬਾਰੀ ਹਰਪ੍ਰੀਤ ਸਿੰਘ ਅਨਮੋਲ ਚੱਢਾ ਉਤੇ ਜਾਨਲੇਵਾ ਹਮਲਾ ਕਰਦੇ ਹੋਏ ਗੋਲ਼ੀਆਂ ਚਲਾ ਦਿੱਤੀਆਂ। ਅਨਮੋਲ ਚੱਢਾ ਤੇ ਉਨ੍ਹਾਂ ਦੇ ਡਰਾਈਵਰ ਬਲਬੀਰ ਸਿੰਘ ਨੇ ਬਡ਼ੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ, ਏਡੀਸੀਪੀ ਪ੍ਰਭਜੋਤ ਸਿੰਘ, ਏਸੀਪੀ ਪਲਵਿੰਦਰ ਸਿੰਘ ਤੁਰੰਤ ਘਟਨਾ ਵਾਲੀ ਥਾਂ ਉਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਲਾਕੇ ਵਿਚ ਲੱਗੇ ਸੀਸੀਟੀਵੀ ਫੁਟੇਜ਼ ਦੀ ਪੜਤਾਲ ਕੀਤੀ ਜਾ ਰਹੀ ਹੈ। ਘਟਨਾ ਨੂੰ ਲੈ ਕੇ ਅਨਮੋਲ ਚੱਢਾ ਤੇ ਉਨ੍ਹਾਂ ਦੇ ਪਰਿਵਾਰ ਨੇ ਕਿਸੇ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਨਮੋਲ ਚੱਢਾ ਹੋਟਲ ਐੱਚਕੇ ਕਲਾਰਕ-ਇਨ ਦੇ ਮਾਲਕ ਤੇ ਚੀਫ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਸਵਰਗੀ ਚਰਨਜੀਤ ਸਿੰਘ ਚੱਢਾ ਦੇ ਪੋਤਰੇ ਹਨ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਹ ਵੀ ਪੜ੍ਹੋ : CM ਭਗਵੰਤ ਮਾਨ ਭਲਕੇ ਕਰਨਗੇ ਦਿੱਲੀ ਦੇ ਸਕੂਲਾਂ ਤੇ ਕਲੀਨਿਕਾਂ ਦਾ ਦੌਰਾ, ਸਿੱਖਿਆ ਤੇ ਸਿਹਤ ਮੰਤਰੀ ਵੀ ਹੋਣਗੇ ਸ਼ਾਮਲ