ਗੁਰਦੁਆਰਾ ਸਾਹਿਬ ਬਾਬਾ ਜਾਗੋ ਸ਼ਹੀਦ ਦੇ ਪ੍ਰਧਾਨ ਦੇ ਘਰ ’ਤੇ ਹੋਇਆ ਹਮਲਾ, ਪੁਲਿਸ ਨੇ ਕੀਤੀ FIR ਦਰਜ
ਅੰਮ੍ਰਿਤਸਰ: ਇੱਕ ਪਾਸੇ ਜਿੱਥੇ ਪੰਜਾਬ ਦੀ ਮਾਨ ਸਰਕਾਰ ਸੂਬੇ ’ਚ ਕਾਨੂੰਨ ਵਿਵਸਥਾ ਚ ਸੁਧਾਰ ਹੋਣ ਦੇ ਦਾਅਵੇ ਵਾਅਦੇ ਕਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਸੂਬੇ ਭਰ ’ਚ ਲੁੱਟਖੋਹ, ਕਤਲ ਵਰਗੀਆਂ ਖੌਫਨਾਕ ਵਾਰਦਾਤਾਂ ਵਾਪਰ ਰਹੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਜ਼ਿਲ੍ਹੇ ਦੇ ਪਿੰਡ ਖੁਆਲੀ ਵਿਖੇ ਸਥਿਤ ਗੁਰਦੁਆਰਾ ਸਾਹਿਬ ਬਾਬਾ ਜਾਗੋ ਸ਼ਹੀਦ ਦੇ ਪ੍ਰਧਾਨ ਦੇ ਘਰ ’ਤੇ ਹਮਲਾ ਹੋਇਆ।
ਮਿਲੀ ਜਾਣਕਾਰੀ ਮੁਤਾਬਿਕ ਹਮਲਾਵਰਾਂ ਨੇ ਪ੍ਰਧਾਨ ਸੁਰਿੰਦਰ ਸਿੰਘ ਦੇ ਘਰ ’ਤੇ ਪੱਥਰਬਾਜ਼ੀ ਕੀਤੀ। ਹਮਲੇ ਦੀ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ। ਦੱਸ ਦਈਏ ਕਿ ਸੂਬੇ ’ਚ ਸੱਤਾ ਤਬਦੀਲੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਅਤੇ ਹਲਕਾ ਰਾਜਾਸਾਂਸੀ ਦੇ ਇੰਚਾਰਜ ਬਲਦੇਵ ਸਿੰਘ ਮਿਆਦੀਆਂ ’ਤੇ ਗੁਰਦੁਆਰਾ ਸਾਹਿਬ ’ਤੇ ਕਬਜ਼ਾ ਕਰਨ ਦੇ ਇਲਜ਼ਾਮ ਲੱਗੇ ਹਨ।
ਦੂਜੇ ਪਾਸੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਲੈ ਕੇ ਵਿਵਾਦ ਦੇ ਚੱਲਦਿਆਂ ਡਿਪਟੀ ਕਮਿਸ਼ਨਰ ਵੱਲੋਂ ਤਹਿਸੀਲਦਾਰ ਨੂੰ ਰਸਵੀਰ ਲਗਾਇਆ ਗਿਆ ਸੀ, ਪਰ ਕੁਝ ਦਿਨ ਪਹਿਲਾਂ ਗੋਲਕ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਪ੍ਰਧਾਨ ਸੁਰਿੰਦਰ ਸਿੰਘ ਵੱਲੋਂ ਚੋਰੀ ਸਬੰਧੀ ਪੁਲਿਸ ਨੂੰ ਦਰਖਾਸਤ ਦਿੱਤੇ ਜਾਣ ਤੋਂ ਬਾਅਦ ਮਾਮਲਾ ਮੀਡੀਆ ਦੇ ਸਾਹਮਣੇ ਆਇਆ।
ਫਿਲਹਾਲ ਪੁਲਿਸ ਨੇ ਪ੍ਰਧਾਨ ਸੁਰਿੰਦਰ ਸਿੰਘ ਦੇ ਘਰ ’ਤੇ ਹੋਏ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਫਆਈਆਰ ਦਰਜ ਕਰ ਲਈ ਹੈ।
-ਰਿਪੋਰਟਰ ਮਨਿੰਦਰ ਮੋਂਗਾ ਦੇ ਸਹਿਯੋਗ ਨਾਲ...
- PTC NEWS