ਪੰਜਾਬ ਪੁਲਿਸ ਨੇ ਸਰਹੱਦੀ ਸੂਬੇ ਦੇ ਵੱਡੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਲਈ ਚਲਾਈ ਵਿਸ਼ੇਸ਼ ਮੁਹਿੰਮ
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਗਲੇ ਸੁਤੰਤਰਤਾ ਦਿਵਸ ਤੱਕ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਅਹਿਦ ਲੈਣ ਤੋਂ ਤਿੰਨ ਦਿਨ ਬਾਅਦ, ਸ਼ੁੱਕਰਵਾਰ ਨੂੰ ਵਿਸ਼ੇਸ਼ ਡਾਇਰੈਕਟਰ ਜਨਰਲ ਆਫ਼ ਪੁਲਿਸ (ਵਿਸ਼ੇਸ਼ ਡੀਜੀਪੀ) ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨਾਲ ਮਿਲ ਕੇ ਨਸ਼ਿਆਂ ਦੀ ਸਪਲਾਈ ਚੇਨ ਨੂੰ ਪੂਰੀ ਤਰ੍ਹਾਂ ਤੋੜਨ ਅਤੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨਵੇਂ ਤਰੀਕੇ ਵਜੋਂ ਸਾਹਮਣੇ ਆਏ ਡਰੋਨ ਆਪ੍ਰੇਸ਼ਨਾਂ ਨਾਲ ਨਜਿੱਠਣ ਲਈ ਇੱਕ ਢੁਕਵੀਂ ਰਣਨੀਤੀ ਤਿਆਰ ਕੀਤੀ ।
Securing our Borders...
Spl DGP L&O spearheads synergy between the BSF & Punjab Police in Jalandhar. Let's strengthen border security, break up drug supply lines, & fight drones.
Punjab Police organise a special operation to seize the assets of major drug traffickers. pic.twitter.com/O6AbTsdYKV — Punjab Police India (@PunjabPoliceInd) August 18, 2023
ਵਿਸ਼ੇਸ਼ ਡੀਜੀਪੀ ਵੱਲੋ ਆਈ.ਜੀ ਫਰੰਟੀਅਰ ਹੈੱਡਕੁਆਰਟਰ, ਬੀਐਸਐਫ ਜਲੰਧਰ ਡਾ: ਅਤੁਲ ਫੁਲਜ਼ਲੇ ਦੇ ਨਾਲ ਬੀਐਸਐਫ ਜਲੰਧਰ ਦੇ ਫਰੰਟੀਅਰ ਹੈੱਡਕੁਆਰਟਰ ਵਿਖੇ ਬੀਐਸਐਫ, ਪੰਜਾਬ ਪੁਲਿਸ, ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਅਤੇ ਹੋਰ ਕੇਂਦਰੀ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਸਾਂਝੀ ਤਾਲਮੇਲ-ਕਮ-ਰੀਵਿਊ ਮੀਟਿੰਗ ਕੀਤੀ ਗਈ ਤਾਂ ਜੋ ਸਰਹੱਦ ਪਾਰੋਂ ਹੁੰਦੀ ਤਸਕਰੀ ਨੂੰ ਠੱਲ੍ਹ ਪਾਉਣ ਲਈ ਰਾਜ ਦੀ ਸਰਹੱਦ ਤੇ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਮੀਟਿੰਗ ਵਿੱਚ ਆਈਜੀਪੀ ਲਾਅ ਐਂਡ ਆਰਡਰ ਪਰਦੀਪ ਯਾਦਵ, ਡੀਆਈਜੀ ਫਿਰੋਜ਼ਪੁਰ ਰੇਂਜ ਰਣਜੀਤ ਸਿੰਘ ਢਿੱਲੋਂ ਅਤੇ ਬੀਐਸਐਫ ਦੇ ਛੇ ਡੀਆਈਜੀਜ਼ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਬੀਐੱਸਐੱਫ ਅਤੇ ਪੰਜਾਬ ਪੁਲਿਸ ਦਰਮਿਆਨ ਪੂਰਨ ਤਾਲਮੇਲ ਅਤੇ ਟੀਮ ਵਰਕ ਦਾ ਸੱਦਾ ਦਿੰਦੇ ਹੋਏ, ਐਸਪੀਐਲ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਇਹ ਸਹੀ ਸਮਾਂ ਹੈ ਕਿ ਦੋਵੇਂ ਸੁਰੱਖਿਆ ਬਲ ਇੱਕਜੁਟ ਹੋਣ ਤੇ ਇੱਕ ਟੀਮ ਵਜੋਂ ਕੰਮ ਕਰਨ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਰੱਖਿਆ ਦੀ ਦੂਜੀ ਲਾਈਨ ਨੂੰ ਹੋਰ ਮਜ਼ਬੂਤ ਕਰਨ ਅਤੇ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚੌਕਸੀ ਰੱਖਣ ਲਈ ਸਰਹੱਦੀ ਖੇਤਰਾਂ ਵਿੱਚ ਕਲੋਜ਼ਡ ਸਰਕਟ ਟੈਲੀਵਿਜ਼ਨ (ਸੀਸੀਟੀਵੀ) ਕੈਮਰੇ ਲਗਾਉਣ ਲਈ ਪਹਿਲਾਂ ਹੀ 20 ਕਰੋੜ ਰੁਪਏ ਮਨਜ਼ੂਰ ਕੀਤੇ ਜਾ ਚੁੱਕੇ ਹਨ ਅਤੇ ਕੈਮਰੇ ਲਗਾਉਣ ਦਾ ਕੰਮ ਜ਼ੋਰਾਂ ਤੇ ਜਾਰੀ ਹੈ।
ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪੁਲਿਸ ਥਾਣਿਆਂ ਸਮੇਤ ਪੁਲਿਸ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 10 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ, ਜਦਕਿ ਬਾਰਡਰ ਪੁਲਿਸ ਨੂੰ ਵਾਧੂ ਪੁਲਿਸ ਬਲ ਅਤੇ ਵਾਹਨ ਵੀ ਮੁਹੱਈਆ ਕਰਵਾਏ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਡਰੋਨ ਗਤੀਧਿਆਂ ਬਾਰੇ ਇਤਲਾਹ ਦੇਣ ਅਤੇ ਉਪਰੰਤ ਨਸ਼ਿਆਂ ਤੇ ਹਥਿਆਰਾਂ ਦੀ ਬਰਮਾਦਗੀ ਹੋਣ ਦੀ ਸੂਰਤ ਵਿੱਚ ਇਤਲਾਹ ਦੇਣ ਵਾਲਿਆਂ ਨੂੰ 1 ਲੱਖ ਰੁਪਏ ਦਾ ਇਨਾਮ ਪਹਿਲਾਂ ਹੀ ਘੋਸ਼ਿਤ ਕੀਤਾ ਹੋਇਆ ਹੈ।
ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਡੀਆਈਜੀ ਬਾਰਡਰ ਰੇਂਜ ਅਤੇ ਡੀਆਈਜੀ ਫਿਰੋਜ਼ਪੁਰ ਰੇਂਜ ਨੂੰ ਸਰਹੱਦੀ ਜ਼ਿਲ੍ਹਿਆਂ ਦੇ ਐਸਐਸਪੀਜ਼ ਅਤੇ ਹੋਰ ਗਜ਼ਟਿਡ ਰੈਂਕ ਦੇ ਅਧਿਕਾਰੀਆਂ ਨੂੰ ਲੋਕਾਂ ਵਿੱਚ ਪੁਲਿਸ ਦਾ ਭਰੋਸਾ ਵਧਾਉਣ ਦੇ ਹਿੱਸੇ ਵਜੋਂ ਮਹੀਨੇ ਵਿੱਚ ਘੱਟੋ ਘੱਟ ਇੱਕ ਜਾਂ ਦੋ ਵਾਰ ਸਰਹੱਦੀ ਪਿੰਡਾਂ ਵਿੱਚ ਰਾਤ ਦੀ ਠਹਿਰ ਨੂੰ ਯਕੀਨੀ ਬਣਾਉਣ ਲਈ ਤਾਕੀਦ ਕੀਤੀ।
ਉਹਨਾਂ ਸੀਪੀਜ਼/ਐਸਐਸਪੀਜ਼ ਨੂੰ ਵਪਾਰਕ ਮਾਤਰਾ ਵਿੱਚ ਨਸਿ਼ਆਂ ਸਮੇਤ ਫੜੇ ਗਏ ਵੱਡੇ ਨਾਰਕੋ ਸਮੱਗਲਰਾਂ ਦੀਆਂ ਜਾਇਦਾਦਾਂ ਦੀ ਸ਼ਨਾਖ਼ਤ ਕਰਕੇ ਉਹਨਾਂ ਨੂੰ ਜ਼ਬਤ ਕਰਨ ਦੇ ਵੀ ਨਿਰਦੇਸ਼ ਦਿੱਤੇ। ਇਸ ਸਾਲ ਪੰਜਾਬ ਪੁਲਿਸ ਵੱਲੋਂ 12.99 ਕਰੋੜ ਰੁਪਏ ਦੀਆਂ 30 ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ।
ਉਹਨਾਂ ਨੇ ਸਰਹੱਦੀ ਪਿੰਡਾਂ ਨੂੰ ਮਾਡਲ ਪਿੰਡਾਂ ਵਿੱਚ ਤਬਦੀਲ ਕਰਨ ਲਈ ਸਿਵਿਕ ਐਕਸ਼ਨ ਪ੍ਰਰੋਗਰਾਮ ਲਾਗੂ ਕਰਨ ਦੀ ਲੋੜ ਤੇ ਵੀ ਜ਼ੋਰ ਦਿੱਤਾ, ਜਿਸ ਵਿੱਚ ਬੁਨਿਆਦੀ ਢਾਂਚਾ, ਸਿੱਖਿਆ, ਆਵਾਜਾਈ, ਸੰਚਾਰ ਆਦਿ ਦੀਆਂ ਸਹੂਲਤਾਂ ਨੂੰ ਅਪਗਰੇਡ ਕਰਨਾ ਸ਼ਾਮਲ ਹੈ। ਉਹਨਾਂ ਕਿਹਾ ਕਿ ਸਾਨੂੰ ਪਿੰਡਾਂ ਵਿੱਚ ਪਾਰਕ ਅਤੇ ਮੈਦਾਨ ਬਣਾਉਣੇ ਚਾਹੀਦੇ ਹਨ ਤਾਂ ਜੋ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦਿੱਤੀ ਜਾ ਸਕੇ।
ਇਸ ਦੌਰਾਨ ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਨੇ ਪੁਲਿਸ ਅਧਿਕਾਰੀਆਂ ਨੂੰ ਮਾਈਨਿੰਗ ਮਾਫੀਆ ਤੇ ਸਿ਼ਕੰਜਾ ਕੱਸਣ ਅਤੇ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
- PTC NEWS