ਕਾਟਨ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਇਕ ਠੇਕੇਦਾਰ ਵੀ ਝੁਲਸਿਆ
ਲਹਿਰਾਗਾਗਾ: ਲਹਿਰਾਗਾਗਾ ਸ਼ਹਿਰ ਨਾਲ ਸਬੰਧਤ ਇੱਕ ਕਾਟਨ ਫੈਕਟਰੀ ਵਿਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅੱਗ ਲੱਗਣ ਕਰਕੇ ਪੰਜਾਹ ਲੱਖ ਤੋਂ ਉੱਪਰ ਦਾ ਨੁਕਸਾਨ ਹੋਇਆ ਤੇ ਇਸ ਤੋਂ ਇਲਾਵਾ ਇਕ ਵਿਅਕਤੀ ਵੀ ਝੁਲਸਿਆ ਜਾ ਚੁੱਕਾ ਹੈ। ਦੱਸ ਦੇਈਏ ਕਿ ਇਹ ਘਟਨਾ ਸ਼ਹਿਰ ਤੋਂ ਰਾਮਗਡ਼੍ਹ ਰੋਡ ਤੇ ਕ੍ਰਿਸ਼ਨਾ ਕਾਟਨ ਮਿੱਲ ਵਿੱਚ ਸਵੇਰੇ ਅਚਾਨਕ ਚੱਲ ਰਹੀ ਮਸ਼ੀਨਰੀ ਵਿੱਚੋਂ ਅੱਗ ਦੀ ਚੰਗਿਆੜੀ ਨਿਕਲਣ ਕਾਰਨ ਉੱਥੇ ਪਈ ਰੂੰਈ ਨੂੰ ਅੱਗ ਲੱਗ ਗਈ। ਜੋ ਦੋ ਮਿੰਟਾਂ ਦੇ ਅੰਦਰ ਅੰਦਰ ਹੀ ਸਾਰੇ ਗੋਦਾਮ ਵਿਚ ਫੈਲ ਗਈ।
ਫੈਕਟਰੀ ਦੇ ਮਾਲਕ ਸ਼ਿਵ ਕੁਮਾਰ ਸ਼ਿਬੂ ਨੇ ਦੱਸਿਆ, ਕਿ ਸਵੇਰੇ ਛੇ ਵਜੇ ਸਾਨੂੰ ਮਿਸਤਰੀ ਦਾ ਫੋਨ ਆਇਆ ਕਿ ਫੈਕਟਰੀ ਵਿੱਚ ਅੱਗ ਲੱਗ ਚੁੱਕੀ ਹੈ।ਜਦੋਂ ਅਸੀਂ ਜਾ ਕੇ ਦੇਖਿਆ ਤਾਂ ਅੱਗ ਨੇ ਫੈਕਟਰੀ ਵਾਲੇ ਗੁਦਾਮ ਅਤੇ ਮਸ਼ੀਨਰੀ ਰੂਮ ਨੂੰ ਸਾਰੇ ਪਾਸਿਓਂ ਘੇਰ ਰੱਖਿਆ ਹੈ। ਅਸੀਂ ਨਗਰ ਕੌਂਸਲ ਲਹਿਰਾਗਾਗਾ ਫੋਨ ਕਰਕੇ ਛੋਟੀ ਫ਼ਾਇਰ ਬ੍ਰਿਗੇਡ ਮਗਾਈ, ਭੱਠਿਆਂ ਤੋਂ ਪਾਣੀ ਦੀਆਂ ਟੈਂਕੀਆਂ ਮਗਾਈਆਂ, ਫਿਰ ਵੀ ਤੀਹ- ਪੈਂਤੀ ਗੱਠਾਂ ਬੰਦ, ਬਾਕੀ ਜੋ ਸ਼ੈੱਡ ਖੁੱਲ੍ਹੀ ਰੂੰਈ ਸੀ, ਉਸ ਨਾਲ ਅੱਗ ਮੱਚ ਗਈ। ਜਿਸ ਕਾਰਨ 50 ਲੱਖ ਰੁਪਏ ਦੇ ਕਰੀਬ ਨੁਕਸਾਨ ਹੋਣ ਦਾ ਖ਼ਦਸ਼ਾ ਹੈ।
ਉਨ੍ਹਾਂ ਦੱਸਿਆ ਕਿ ਇਕ ਮਸ਼ੀਨਰੀ ਮਕੈਨਿਕ ਆਨੰਦ ਯਾਦਵ ਜੋ ਬਿਹਾਰ ਦਾ ਰਹਿਣ ਵਾਲਾ ਹੈ ਜੋ ਅੱਗ ਦੀਆਂ ਤੇਜ਼ ਲਪਟਾਂ ਵਿੱਚ ਘਿਰ ਜਾਣ ਕਾਰਨ ਝੁਲਸ ਗਿਆ। ਜਿਸ ਨੂੰ ਇੱਥੋਂ ਸੰਗਰੂਰ ਰੈਫਰ ਕੀਤਾ ਗਿਆ ਉਸ ਤੋਂ ਬਾਅਦ ਉਸਦੀ ਹਾਲਤ ਦੇਖਦਿਆਂ ਉਸ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ ।
ਇਹ ਵੀ ਪੜ੍ਹੋ: ਵਧਦੀ ਮਹਿੰਗਾਈ ਖਿਲਾਫ਼ ਕਾਂਗਰਸ ਦਾ ਹੱਲਾ ਬੋਲ, ਵਿਜੇ ਚੌਂਕ 'ਚ ਕਰ ਰਹੇ ਪ੍ਰਦਰਸ਼ਨ
ਰਾਮ ਚੰਦ ਨੇ ਹੋਰ ਦੱਸਿਆ ਕਿ ਸਾਡੇ ਫੋਰਮੈਨ ਰਾਮ ਚੰਦ ਨੂੰ ਜਦੋਂ ਹੀ ਅੱਗ ਲੱਗਣ ਦਾ ਪਤਾ ਲੱਗਿਆ ਉਦੋਂ ਹੀ ਉਸ ਨੇ ਮੇਨ ਸਵਿਚ ਕੱਟ ਦਿੱਤੀ, ਪ੍ਰੰਤੂ ਦੇਖਦੇ- ਦੇਖਦੇ ਤੁਰੰਤ ਅੱਗ ਫੈਲ ਗਈ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਸਾਡੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਅਤੇ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਦਾ ਪੱਕੇ ਤੌਰ ਤੇ ਪ੍ਰਬੰਧ ਕੀਤਾ ਜਾਵੇ।
(ਗੁਰਦਰਸ਼ਨ ਸਿੰਘ, ਸੰਗਰੂਰ ਦੀ ਰਿਪੋਰਟ)
-PTC News