ਏਸੀਬੀ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ Amanatullah Khan ਨੂੰ ਕੀਤਾ ਗ੍ਰਿਫ਼ਤਾਰ
Amanatullah Khan Arrested: ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ (ਏਸੀਬੀ) ਨੇ ਕਰੀਬ ਅੱਠ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਾਨਤੁੱਲਾ ਖਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਏਸੀਬੀ ਨੇ ਦਿੱਲੀ ਵਕਫ਼ ਬੋਰਡ ਭ੍ਰਿਸ਼ਟਾਚਾਰ ਮਾਮਲੇ ਵਿੱਚ ਅੱਜ ਛਾਪੇਮਾਰੀ ਦੌਰਾਨ ‘ਆਪ’ ਦੇ ਵਿਧਾਇਕ ਨੂੰ ਉਸ ਖ਼ਿਲਾਫ਼ ਭੜਕਾਊ ਸਮੱਗਰੀ ਅਤੇ ਸਬੂਤਾਂ ਦੀ ਬਰਾਮਦਗੀ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਹੈ।
ਏਸੀਬੀ ਦਿੱਲੀ ਵਕਫ਼ ਬੋਰਡ ਵਿੱਚ ਭਰਤੀ ਵਿੱਚ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਿਹਾ ਹੈ। ਏਸੀਬੀ ਨੇ ਵੀਰਵਾਰ ਨੂੰ ਖਾਨ ਨੂੰ ਦੋ ਸਾਲ ਪੁਰਾਣੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੁੱਛਗਿੱਛ ਲਈ ਨੋਟਿਸ ਜਾਰੀ ਕੀਤਾ ਸੀ। ਓਖਲਾ ਖੇਤਰ ਦੇ ਵਿਧਾਇਕ ਖਾਨ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ 2020 ਵਿੱਚ ਦਰਜ ਇੱਕ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਪੁੱਛਗਿੱਛ ਲਈ ਬੁਲਾਇਆ ਗਿਆ ਸੀ।
ਇਹ ਵੀ ਪੜ੍ਹੋ: ਅੰਮ੍ਰਿਤਸਰ ਹਵਾਈ ਅੱਡੇ 'ਤੇ Spice Jet ਦਾ ਇੱਕ ਕਰਮਚਾਰੀ 1050 ਗ੍ਰਾਮ ਸੋਨੇ ਸਮੇਤ ਗ੍ਰਿਫ਼ਤਾਰ
ਇਸ ਤੋਂ ਪਹਿਲਾਂ ਏਸੀਬੀ ਨੇ ਉਪ ਰਾਜਪਾਲ ਦੇ ਸਕੱਤਰੇਤ ਨੂੰ ਪੱਤਰ ਲਿਖ ਕੇ ਖਾਨ ਨੂੰ ਦਿੱਲੀ ਵਕਫ਼ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾਉਣ ਦੀ ਬੇਨਤੀ ਕੀਤੀ ਸੀ। ਏਸੀਬੀ ਨੇ ਪੱਤਰ ਵਿੱਚ ਦਾਅਵਾ ਕੀਤਾ ਸੀ ਕਿ ਖਾਨ ਨੇ ਆਪਣੇ ਖ਼ਿਲਾਫ਼ ਕੇਸ ਵਿੱਚ ਗਵਾਹਾਂ ਨੂੰ ਡਰਾ ਧਮਕਾ ਕੇ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ।
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ (ਆਪ) ਨੇ ਅਮਾਨਤੁੱਲਾ ਖ਼ਾਨ ਖ਼ਿਲਾਫ਼ ਦਰਜ ਕੇਸ ਨੂੰ ਫਰਜ਼ੀ ਦੱਸਿਆ ਹੈ। 'ਆਪ' ਨੇ ਕਿਹਾ, ''ਖਾਨ ਨੂੰ ਬੇਬੁਨਿਆਦ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਛਾਪੇਮਾਰੀ ਦੌਰਾਨ ਉਸ ਦੀ ਰਿਹਾਇਸ਼ ਜਾਂ ਦਫ਼ਤਰ ਤੋਂ ਕੁਝ ਵੀ ਨਹੀਂ ਮਿਲਿਆ। ਇਹ ਵਿਧਾਇਕ ਨੂੰ ਝੂਠੇ ਕੇਸ ਵਿੱਚ ਫਸਾਉਣ ਅਤੇ ਸਾਡੀ ਪਾਰਟੀ ਨੂੰ ਬਦਨਾਮ ਕਰਨ ਦੀ ਨਵੀਂ ਸਾਜ਼ਿਸ਼ ਹੈ।
-PTC News