ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ

By  Joshi June 9th 2017 03:19 PM

ਅੰਮ੍ਰਿਤਸਰ: ਸ਼੍ਰੋਮਣੀ ਭਗਤ ਕਬੀਰ ਜੀ ਦਾ ਅੱਜ ਜਨਮ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਵਿਚ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ, ਸ੍ਰੀ ਅੰਮ੍ਰਿਤਸਰ ਵਿਖੇ ਅਥਾਹ ਸ਼ਰਧਾ ਨਾਲ ਮਨਾਇਆ ਗਿਆ। ਭਗਤ ਕਬੀਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਰਸੋ ਰੋਜ਼ ਤੋਂ ਰੱਖੇ ਸ੍ਰੀ ਅਖੰਡ ਪਾਠ ਜੀ ਦੇ ਭੋਗ ਅੱਜ ਸਵੇਰੇ ਪਾਏ ਗਏ। ਇਸ ਮੌਕੇ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਾਈ ਅਨੰਦ ਸਿੰਘ ਦੇ ਰਾਗੀ ਜਥੇ ਵੱਲੋਂ ਕੀਰਤਨ ਸਰਵਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਦੀ ਅਰਦਾਸ ਭਾਈ ਕੁਲਵਿੰਦਰ ਸਿੰਘ ਅਰਦਾਸੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਕੀਤੀ ਗਈ। ਇਸ ਦੌਰਾਨ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਸਬੰਧੀ ਕਥਾ ਭਾਈ ਹਰਮਿੱਤਰ ਸਿੰਘ ਕਥਾਵਾਚਕ ਨੇ ਕਥਾ ਸਰਵਣ ਕਰਕੇ ਸੰਗਤਾਂ ਨੂੰ ਭਗਤ ਕਬੀਰ ਜੀ ਦੀ ਜੀਵਨੀ ਤੋਂ ਜਾਣੂ ਕਰਵਾਇਆ। ਸ਼੍ਰੋਮਣੀ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਧਾਰਮਿਕ ਸਮਾਗਮ ਸਬੰਧੀ ਜਾਣਕਾਰੀ ਦੇਂਦਿਆਂ ਮੈਂਬਰ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਕਮੇਟੀ ਸ. ਅਜੈਬ ਸਿੰਘ ਅਭਿਆਸੀ ਨੇ ਦੱਸਿਆ ਕਿ ਪ੍ਰਧਾਨ ਸ਼੍ਰੋਮਣੀ ਕਮੇਟੀ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਹੇਠ ਅੱਜ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਸ਼੍ਰੋਮਣੀ ਕਮੇਟੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਟਾਫ਼ ਅਤੇ ਵਿਸ਼ਾਲ ਸੰਗਤਾਂ ਦੀ ਹਾਜ਼ਰੀ ਵਿਚ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਭਗਤ ਕਬੀਰ ਜੀ ਦੀ ਬਾਣੀ ਦੀਆਂ ਸਿੱਖਿਆਵਾਂ ਤੋਂ ਸੇਧ ਲੈਂਦਿਆਂ ਉਨ੍ਹਾਂ ਦੇ ਅੱਜ ਜਨਮ ਦਿਹਾੜੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਮਾਣ ਸਤਿਕਾਰ ਭੇਟ ਕੀਤਾ ਜਾਂਦਾ ਹੈ। ਇਸ ਮੌਕੇ ਸ. ਅਜੈਬ ਸਿੰਘ ਅਭਿਆਸੀ ਮੈਂਬਰ ਸ਼੍ਰੋਮਣੀ ਕਮੇਟੀ, ਸ. ਸੁਖਦੇਵ ਸਿੰਘ ਭੂਰਾਕੋਹਨਾ ਐਡੀ: ਸਕੱਤਰ, ਸ. ਬਲਵਿੰਦਰ ਸਿੰਘ ਜੋੜਾਸਿੰਘਾਂ ਐਡੀ: ਸਕੱਤਰ, ਹਰਿੰਦਰਪਾਲ ਸਿੰਘ ਮੀਤ ਸਕੱਤਰ, ਸ. ਹਰਜਿੰਦਰ ਸਿੰਘ ਭੂਰਾਕੋਹਨਾ, ਸ. ਪਰਮਜੀਤ ਸਿੰਘ, ਸ. ਬਘੇਲ ਸਿੰਘ ਸਾਰੇ ਐਡੀ: ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਸਤਨਾਮ ਸਿੰਘ ਸੁਪਰਡੈਂਟ, ਸ. ਮਲਕੀਤ ਸਿੰਘ ਸਹਾਇਕ ਸੁਪਰਡੈਂਟ ਆਦਿ ਸੰਗਤਾਂ ਹਾਜ਼ਰ ਸਨ। —PTC News

Related Post