Fri, May 17, 2024
Whatsapp

ਭਾਈ ਮਰਦਾਨਾ ਜੀ ਦੇ ਅਕਾਲ ਚਲਾਣਾ ਦਿਵਸ 'ਤੇ ਵਿਸ਼ੇਸ਼

Written by  Amritpal Singh -- November 28th 2023 05:30 AM
ਭਾਈ ਮਰਦਾਨਾ ਜੀ ਦੇ ਅਕਾਲ ਚਲਾਣਾ ਦਿਵਸ 'ਤੇ ਵਿਸ਼ੇਸ਼

ਭਾਈ ਮਰਦਾਨਾ ਜੀ ਦੇ ਅਕਾਲ ਚਲਾਣਾ ਦਿਵਸ 'ਤੇ ਵਿਸ਼ੇਸ਼

“ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ”

ਸਿੱਖ ਜਗਤ ਭਾਈ ਮਰਦਾਨਾ ਜੀ ਕਿਸੇ ਪਛਾਣ ਦੇ ਮੁਥਾਜ ਨਹੀਂ ਹਨ। ਭਾਵ ਹਰ ਕੋਈ ਭਾਈ ਮਰਦਾਨਾ ਜੀ ਦੇ ਨਾਮ ਤੋਂ ਜਾਣੂ ਹੈ। ਉਹ ਭਾਈ ਮਰਦਾਨਾ ਜੀ, ਜੋ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸੱਚੇ ਭਗਤ, ਸੱਚੇ ਸੇਵਕ ਹੋਣ ਦੇ ਨਾਲ-ਨਾਲ ਇਕ ਮਿੱਤਰ ਬਣ ਕੇ ਰਹੇ। ਭਾਈ ਮਰਦਾਨਾ ਜੀ ਦਾ ਜਨਮ ਸੰਨ 1459 ਈ: ਨੂੰ ਪਿਤਾ ਭਾਈ ਬਦਰਾ ਜੀ ਤੇ ਮਾਈ ਲੱਖੋ ਜੀ ਦੇ ਘਰ ਰਾਇ ਭੋਂਇ ਦੀ ਤਲਵੰਡੀ ਪਾਕਿਸਤਾਨ ਦੇ ਵਿਚ ਹੋਇਆ।


ਇਤਿਹਾਸ ਦੇ ਸ੍ਰੋਤਾਂ ਅਨੁਸਾਰ ਭਾਈ ਬਦਰਾ ਜੀ ਤੇ ਮਾਈ ਲੱਖੋ ਜੀ ਦੇ ਘਰ ਅੋਲਾਦ ਤਾਂ ਹੁੰਦੀ ਸੀ ਪਰ ਜ਼ਿਆਦਾ ਦੇਰ ਤੱਕ ਜਿਉਂਦੀ ਨਹੀਂ ਸੀ ਰਹਿੰਦੀ। ਜਦੋਂ ਮਾਈ ਲੱਖੋ ਜੀ ਦੇ ਘਰ ਬੱਚਾ ਪੈਦਾ ਹੋਇਆ ਤਾਂ ਕੁਝ ਦਿਨ ਠੀਕ ਠਾਕ ਰਿਹਾ ਪਰ ਮਾਈ ਲੱਖੋ ਨੇ ਸੋਚਿਆ ਬਚਣਾ ਤਾਂ ਇਸ ਨੇ ਵੀ ਨਹੀਂ ਤਾਂ ਮਾਂ ਲੱਖੋ ਨੇ ਇਸ ਦਾ ਨਾਮ ਹੀ ਰੱਖ ਦਿਤਾ ‘ਮਰਜਾਣਾ’। ਸੰਗੀਤ ਦੀ ਗੁੜ੍ਹਤੀ ਵਿਰਾਸਤ ਵਿਚ ਹੀ ਮਿਲ ਗਈ ਸੀ। ਦਰਅਸਲ ਬਚਪਨ ਦੇ ਵਿਚ ਹੀ ਮਰਜਾਣੇ ਨੇ ਆਪਣੇ ਪਿਤਾ ਭਾਈ ਬਦਰਾ ਜੀ ਨਾਲ ਵਿਆਹ ਸ਼ਾਦੀਆਂ ‘ਤੇ ਗਾਉਣ-ਵਜਾਉਣ ਦਾ ਸਿਲਸਲਾ ਸ਼ੁਰੂ ਕਰ ਦਿੱਤਾ ਸੀ। ਜਿਸ ਦੇ ਸਦਕਾ ਭਾਈ ਮਰਦਾਨਾ ਜੀ ਨੇ ਰਬਾਬ ਵਜਾਉਣ ਵਿਚ ਬਹੁਤ ਹੀ ਮੁਹਾਰਤ ਹਾਸਿਲ ਕਰ ਲਈ ਸੀ। ਅਸਲ ਵਿਚ ਰਬਾਬ ਏਸ਼ੀਆ ਮਹਾਂਦੀਪ ਦਾ ਇਕ ਰੂਹਾਨੀ ਸਾਜ਼ ਹੈ ਤੇ ਇਸਦੀਆਂ ਸੁਰਾਂ ਦੀ ਖਣਕਾਰ ਅਫਗਾਨਿਸਤਾਨ ਤੇ ਕਾਬਲ ਕੰਧਾਰ ਤੋਂ ਲੈ ਕੇ ਅਰਬ ਈਰਾਨ ਦੀਆਂ ਸੂਫੀ ਮਜਲਿਸਾਂ ਦੇ ਵਿਚ ਸੁਣੀ ਜਾ ਸਕਦੀ ਸੀ।

ਸਮਾਂ ਆਇਆ, ਭਾਈ ਮਰਦਾਨਾ ਜੀ ਨੇ ਰਾਇ ਭੋਇ ਦੀ ਤਲਵੰਡੀ ਦੇ ਪਟਵਾਰੀ ਮਹਿਤਾ ਕਾਲੂ ਜੀ ਦੇ ਰੂਹਾਨੀ ਚਿਹਰੇ ਵਾਲੇ ਸਪੁੱਤਰ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਤਾਂ ਨਿਹਾਲੋ-ਨਿਹਾਲ ਹੋ ਗਏ। ਕਿਉਂਕਿ ਆਪਸੀ ਮੇਲੇ ਧੁਰੋਂ ਹੀ ਸਨ। ਸੋ ਪਹਿਲੀ ਮਿਲਣੀ ਨੇ ਹੀ ਦੋਨਾਂ ਨੂੰ ਪੱਕੀ ਮਿੱਤਰਤਾ ਦੇ ਵਿਚ ਬੰਨ੍ਹ ਦਿੱਤਾ। ਗੁਰੂ ਸਾਹਿਬ ਨੇ ਬਚਨ ਕੀਤਾ ਅੱਜ ਤੋਂ ਬਾਅਦ ਤੂੰ ਮਰਜਾਣਾ ਨਹੀਂ, ਸਗੋਂ ਕਦੇ ਵੀ ਨਾ ਮਰਨ ਵਾਲਾ ਮਰਦਾਨਾ ਹੈ। ਰਹਿੰਦੀ ਦੁਨੀਆਂ ਤੱਕ ਤੂੰ ਮਰਦਾਨਾ ਹੀ ਰਹੇਂਗਾ। ਜਦੋਂ ਗੁਰੂ ਨਾਨਕ ਸਾਹਿਬ ਦੇ ਰੱਬੀ ਪ੍ਰੇਮ ਨਾਲ ਭਰੇ ਸ਼ਬਦਾਂ ਨੂੰ ਭਾਈ ਮਰਦਾਨਾ ਜੀ ਰਬਾਬ ਦੀਆਂ ਸੁਰਾਂ ਨਾਲ ਮੇਲ ਕੇ ਗਾਉਂਦੇ ਤਾਂ ਸਾਰੀ ਕੁਦਰਤ ਸ਼ਾਂਤ ਰਸ ਵਿਚ ਮਗਨ ਹੋ ਕੇ ਰੱਬੀ ਕੀਰਤਨ ਦਾ ਆਨੰਦ ਮਾਣਦੀ। ਰਾਇ ਭੋਇ ਦੀ ਤਲਵੰਡੀ ਤੋਂ ਬਾਅਦ ਸੁਲਤਾਨਪੁਰ ਲੋਧੀ ਦੇ ਨੇੜੇ-ਤੇੜੇ ਦੇ ਇਲਾਕੇ ਦੇ ਵਿਚ ਵੀ ਸੰਗਤ ਜੁੜ ਗਈ। ਕੀਰਤਨ ਦੀ ਨਿਰੰਤਰ ਧੁਨੀ ਨੇ ਸੰਗਤਾਂ ਦੀ ਆਮਦ ਵਿਚ ਵਾਧਾ ਸ਼ੁਰੂ ਕਰ ਦਿੱਤਾ।

ਫਿਰ ਇਕ ਦਿਨ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਗਤ ਜਲੰਦੇ ਨੂੰ ਠਾਰਣ ਦੇ ਲਈ ਅਤੇ ਇਕ ਪਰਮਾਤਮਾ ਦੀ ਇਬਾਦਤ ਦਾ ਹੋਕਾ ਦੇਣ ਦੇ ਲਈ ਪ੍ਰਚਾਰ ਦੌਰਿਆਂ ਦੀ ਆਰੰਭਤਾ ਕੀਤੀ। ਗੁਰੂ ਸਾਹਿਬ ਆਪਣੇ ਸਾਥੀ ਭਾਈ ਮਰਦਾਨਾ ਜੀ ਨੂੰ ਅਤਿ ਦਾ ਪਿਆਰ ਕਰਦੇ ਸਨ ਜਿਸ ਨੂੰ ‘ਭਾਈ’ ਦੀ ਪਦਵੀ ਵੀ ਗੁਰੂ ਸਾਹਿਬ ਨੇ ਆਪ ਦਿੱਤੀ ਤੇ ਕਿਹਾ, ‘ਮਰਦਾਨਿਆ’ ਹੁਣ ਜਗਤ ਫੇਰੀ ‘ਤੇ ਜਾਣਾ ਹੈ। ਇਸ ਲਈ ਨਵੀਂ ਰਬਾਬ ਦਾ ਪ੍ਰਬੰਧ ਕੀਤਾ ਜਾਵੇ। ਜਦੋਂ ਪ੍ਰਚਾਰ ਦੋਰਿਆਂ ਦਾ ਭੈਣ ਬੇਬੇ ਨਾਨਕੀ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਰਬਾਬ ਖਰੀਦਣ ਦੇ ਲਈ ਕੁਝ ਪੈਸੇ ਦਿੱਤੇ ਤੇ ਕਿਹਾ ਭਾਈ ਮਰਦਾਨਾ ਜੀ, ਵੀਰ ਨਾਨਕ ਜੀ ਦੇ ਪਸੰਦ ਦੀ ਰਬਾਬ ਲਿਆਉਣਾ। ਫਿਰ ਭਾਈ ਮਰਦਾਨਾ ਜੀ ਭਰਿਆਣਾ ਪਿੰਡ ਦੇ ਭਾਈ ਫਿਰੰਦੇ ਪਾਸ ਗਏ, ਜੋ ਰਬਾਬ ਦੇ ਬਹੁਤ ਵੱਡੇ ਕਾਰੀਗਰ ਸਨ। ਉਹਨਾਂ ਪਾਸੋਂ ਰਬਾਬ ਖਰੀਦਣੀ ਚਾਹੀ ਪਰ ਜਦੋਂ ਭਾਈ ਫਿਰੰਦੇ ਨੂੰ ਪਤਾ ਲੱਗਿਆ ਕਿ ਇਹ ਰਬਾਬ ਦੀ ਮੰਗ ਧੰਨ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ ਤਾਂ ਬਿਨ੍ਹਾਂ ਭੇਟਾ ਤੋਂ ਭਾਈ ਫਿਰੰਦਾ ਜੀ ਨੇ ਆਪਣੀ ਸਭ ਤੋਂ ਵਧੀਆ ਤੇ ਪਸੰਦ ਦੀ ਰਬਾਬ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿਚ ਭੇਟ ਕੀਤੀ।

ਭਾਈ ਮਰਦਾਨਾ ਜੀ ਨੇ ਚਾਰੋਂ ਪ੍ਰਚਾਰ ਦੌਰਿਆਂ ਦੌਰਾਨ ਗੁਰੂ ਸਾਹਿਬ ਜੀ ਦਾ ਸਭ ਤੋਂ ਵੱਧ ਅਣਥੱਕ ਅਤੇ ਡਟਵਾਂ ਸਾਥ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੀ ਵਡਿਆਈ ਵਿਚ ਸ਼ਬਦ ਗਾਇਆ ਕਰਦੇ ਤੇ ਭਾਈ ਮਰਦਾਨਾ ਜੀ ਰਬਾਬ ਵਜਾ ਕੇ ਗੁਰੂ ਸਾਹਿਬ ਜੀ ਦਾ ਸਾਥ ਦਿੰਦੇ। ਇਤਿਹਾਸ ਦੇ ਵਰਕੇ ਸਦੀਆਂ ਤੱਕ ਇਸ ਤੱਥ ਦੀ ਗਵਾਹੀ ਦਿੰਦੇ ਰਹਿਣਗੇ ਕਿ 54 ਸਾਲ ਭਾਈ ਮਰਦਾਨਾ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਦਾ ਨਿੱਘ ਮਾਣਿਆ ਜਾ ਇੰਝ ਵੀ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਨਾਲ ਰਬਾਬ ਵਜਾਇਆ ਅਤੇ ਪਰਮਾਤਮਾ ਦੇ ਨਾਮ ਰਸ ਦਾ ਆਨੰਦ ਮਾਣਿਆ, ਤਾਂ ਹੀ ਇਹ ਬੋਲ ਸਾਨੂੰ ਅਕਸਰ ਸੁਣਾਈ ਦਿੰਦੇ ਹਨ:

“ਭਲਾ ਰਬਾਬ ਵਜਇੰਦਾ ਮਜਲਸ ਮਰਦਾਨਾ ਮੀਰਾਸੀ”

ਗੁਰੂ ਸਾਹਿਬ ਜਦੋਂ ਵੀ ਆਪਣੀ ਸੁਰਤਿ ਨੂੰ ਉਸ ਪਰਮਾਤਮਾ ਦੇ ਵਿਚ ਅਭੇਦ ਕਰਦੇ ਤਾਂ ਇਹ ਹੀ ਫੁਰਮਾਉਂਦੇ:

“ਮਰਦਾਨਿਆ ਰਬਾਬ ਛੇੜ ਬਾਣੀ ਆਈ ਐ”

ਅੱਜ ਭਾਈ ਮਰਦਾਨਾ ਜੀ ਸਰੀਰਕ ਤੌਰ ‘ਤੇ ਇਸ ਭੌਤਿਕ ਸੰਸਾਰ ਦੇ ਵਿਚ ਮੌਜੂਦ ਨਹੀਂ ਹਨ ਪਰ ਆਪਣੇ ਜਿਗਰ ਦੇ ਟੋਟੇ ਨੂੰ ਮਰਜਾਣਾ ਕਹਿਣ ਵਾਲੀ ਮਾਈ ਲੱਖੋ ਨੇ ਕਦੀ ਸੋਚਿਆ ਵੀ ਨਹੀਂ ਹੋਵੇਗਾ ਕਿ ਇਕ ਦਿਨ ਤਿੰਨਾਂ ਲੋਕਾਂ ਦੇ ਗਿਆਤਾ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਉਸਦੇ ਮਰਜਾਣੇ ਨੂੰ ਗੁਰਮਤਿ ਸੰਗੀਤ ਦੇ ਪਹਿਲੇ ਕੀਰਤਨੀਏ ਵਜੋਂ ਨਿਵਾਜ ਕੇ ਮਰਦਾਨਾ ਬਣਾ ਕਿ ਹਮੇਸ਼ਾਂ ਦੇ ਲਈ ਅਮਰ ਕਰ ਜਾਣਗੇ। ਗੁਰੂ ਸਾਹਿਬ ਜੀ ਦਾ ਅਤਿ ਦੇ ਪਿਆਰੇ ਰਬਾਬੀ ਭਾਈ ਮਰਦਾਨਾ ਜੀ ਨੇ ਸੰਨ 1534 ਈ: ਨੂੰ ਅਫਗਾਨਿਸਤਾਨ ਦੀ ਧਰਤੀ ‘ਤੇ ਆਪਣੇ ਪ੍ਰਾਣ ਤਿਆਗ ਦਿੱਤੇ ਅਤੇ ਆਪਣੇ ਜੁਗਾਂ ਦੇ ਸਾਥੀ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਵਿਛੋੜਾ ਦੇ ਗਏ।

ਭਾਈ ਮਰਦਾਨਾ ਜੀ ਦੇ ਦੋ ਸਪੁੱਤਰ ਸ਼ਾਹਜਾਦਾ ਅਤੇ ਰਾਜ਼ਾਦਾ ਸਨ। ਭਾਈ ਮਰਦਾਨਾ ਜੀ ਤੋਂ ਬਾਅਦ ਉਨ੍ਹਾਂ ਦਾ ਲੜਕਾ ਸ਼ਾਹਜਾਦਾ ਧੰਨ ਗੁਰੂ ਨਾਨਕ ਸਾਹਿਬ ਜੀ ਨਾਲ ਰਬਾਬ ਵਜਾਉਂਦਾ ਰਿਹਾ। ਅੱਜ ਭਾਈ ਮਰਦਾਨਾ ਜੀ ਦੀ ਯਾਦ ਵਿਚ ਅਨੇਕਾਂ ਗੁਰਮਤਿ ਸੰਗੀਤ ਵਿਭਾਗ ਅਤੇ ਅਕੈਡਮੀਆਂ ਸਥਾਪਿਤ ਹਨ ਅਤੇ ਰਹਿੰਦੀ ਦੁਨੀਆਂ ਤੱਕ ਸਮੁੱਚਾ ਸਿੱਖ ਜਗਤ ਭਾਈ ਮਰਦਾਨਾ ਜੀ ਨੂੰ ਨਤਮਸਤਕ ਕਰਦਾ ਰਹੇਗਾ।

- PTC NEWS

Top News view more...

Latest News view more...

LIVE CHANNELS