Thu, May 16, 2024
Whatsapp

ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ 'ਤੇ ਵਿਸ਼ੇਸ਼

Written by  Jasmeet Singh -- November 23rd 2023 09:18 AM -- Updated: November 23rd 2023 09:19 AM
ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ 'ਤੇ ਵਿਸ਼ੇਸ਼

ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ 'ਤੇ ਵਿਸ਼ੇਸ਼

ਮਹਾਂਰਾਸ਼ਟਰ ਦੇ ਪ੍ਰਸਿੱਧ ਭਗਤ ਗਿਆਨੇਸ਼ਵਰ ਦੇ ਗੁਰ ਭਾਈ ਭਗਤ ਨਾਮਦੇਵ ਜੀ ਦਾ ਜਨਮ 13ਵੀਂ ਸਦੀ ਦੇ ਸੱਤਵੇਂ ਦਹਾਕੇ ਵਿਚ ਮਹਾਂਰਾਸ਼ਟਰ ਪ੍ਰਾਂਤ ਦੇ ਸਿਤਾਰਾ ਜ਼ਿਲ੍ਹੇ ਦੇ ਪਿੰਡ ਨਰਸੀ ਬਾਹਮਣੀ ਵਿਚ ਦਾਮਸ਼ੇਟੀ ਛੀਪੇ ਦੇ ਘਰ ਗੋਨਾਬਾਈ ਦੀ ਕੁੱਖੋਂ ਹੋਇਆ। ਉੱਤਰੀ ਭਾਰਤ ਵਿਚ ਇਸ ਵੇਲੇ ਤੁਰਕਾਂ ਦਾ ਰਾਜ ਸੀ। ਭਗਤ ਨਾਮਦੇਵ ਜੀ ਦੇ ਜੀਵਨ ਕਾਲ ਸਮੇਂ ਭਾਰਤ ਦੇ ਵਿਚ ਇਕ ਪਾਸੇ ਇਸਲਾਮ ਦੇ ਹਾਕਮਾਂ ਵੱਲੋਂ ਜ਼ੁਲਮ ਢਾਹੇ ਜਾ ਰਹੇ ਸਨ, ਦੂਜੇ ਪਾਸੇ ਬ੍ਰਾਹਮਣਵਾਦ ਦਾ ਪ੍ਰਭਾਵ ਜ਼ੋਰਾਂ 'ਤੇ ਸੀ। ਇਸ ਕਰਕੇ ਮੂਰਤੀ ਪੂਜਾ ਅਤੇ ਜਾਤ-ਪਾਤ ਵਿਚ ਲੋਕਾਂ ਦਾ ਅੰਧ ਵਿਸ਼ਵਾਸ ਸੀ। ਨਾਮਦੇਵ ਜੀ ਦੇ ਪਿਤਾ ਦਾਮਸ਼ੇਟੀ ਜੀ ਕੱਪੜੇ ਸਿਉਣ ਤੇ ਰੰਗਣ ਦਾ ਕੰਮ ਕਰਦੇ ਸਨ। ਇਸ ਕਰਕੇ ਉਹਨਾਂ ਨੂੰ ਨੀਵੀਂ ਜਾਤ ਦਾ ਸਮਝਿਆ ਜਾਂਦਾ ਸੀ। ਉਹਨਾਂ ਨੂੰ ਰੱਬ ਦੀ ਭਗਤੀ, ਪੂਜਾ ਆਦਿ ਦੇ ਯੋਗ ਨਹੀਂ ਮੰਨਿਆ ਜਾਂਦਾ ਸੀ।

ਨਾਮਦੇਵ ਜੀ ਬਚਪਨ ਤੋਂ ਹੀ ਚੇਤੰਨ ਬੁੱਧੀ ਦੇ ਮਾਲਿਕ ਸਨ। ਉਹਨਾਂ ਦੇ ਮਨ ਵਿਚ ਸੱਚੇ ਅਧਿਆਤਮਕ ਗਿਆਨ ਦੀ ਜੋਤ ਜਗਦੀ ਸੀ। ਉਹ ਅਜਿਹੇ ਸਮਾਜਿਕ ਵਿਸ਼ਵਾਸਾਂ ਤੇ ਧਾਰਮਿਕ ਪਾਖੰਡਵਾਦ ਨੂੰ ਕੋਈ ਮਾਨਤਾ ਨਹੀਂ ਸਨ ਦਿੰਦੇ। ਉਹਨਾਂ ਦੀ ਸਭ ਤੋਂ ਉੱਚੀ ਸ਼ਕਤੀ ਪਰਮਾਤਮਾ ਪੁਰਖੋਤਮ ਦੇ ਵਿਚ ਵਿਸ਼ਵਾਸ ਸੀ। ਭਗਤ ਨਾਮਦੇਵ ਜੀ ਦੇ ਮਨ ਵਿਚ ਬਚਪਨ ਤੋਂ ਹੀ ਪਰਮਾਤਮਾ ਦੀ ਭਗਤੀ ਵਸੀ ਹੋਈ ਸੀ। ਭਗਤ ਨਾਮਦੇਵ ਜੀ ਪੰਜ ਵਰ੍ਹਿਆਂ ਦੇ ਹੋਏ ਤਾਂ ਆਪ ਜੀ ਨੂੰ ਪਾਠਸ਼ਾਲਾ ਦੇ ਵਿਚ ਪੜ੍ਹਨ ਲਈ ਭੇਜਿਆ ਗਿਆ। ਆਪ ਜੀ ਦੇ ਪਿਤਾ ਜੀ ਨੇ ਪੂਰਾ ਵਾਹ ਲਾਇਆ ਕਿ ਆਪ ਕੁਲ-ਪਰੰਪਰਾ ਦਾ ਕਿੱਤਾ ਅਪਣਾ ਲੈਂਦੇ, ਪਰ ਆਪ ਜੀ ਨੇ ਇਸ ਦੇ ਵੱਲ ਕੋਈ ਵੀ ਧਿਆਨ ਨਾ ਦਿੱਤਾ। ਫਿਰ ਵਣਜ-ਵਪਾਰ ਵੱਲ ਲਗਾਇਆ ਗਿਆ, ਪਰ ਉਸਦੇ ਵਿਚ ਵੀ ਕੋਈ ਖ਼ਾਸ ਰੁਚੀ ਨਹੀਂ ਦਿਖਾਈ। ਭਗਤ ਨਾਮਦੇਵ ਜੀ ਦਾ ਮਨ ਹਮੇਸ਼ਾਂ ਹੀ ਸੰਤਾਂ-ਭਗਤਾਂ ਦਾ ਸੰਪਰਕ ਮਾਨਣ ਦੇ ਵੱਲ ਰੁਚਿਤ ਹੁੰਦਾ। ਆਪ ਬਚਪਨ ਦੇ ਵਿਚ ਹੀ ਸੰਸਾਰਿਕਤਾ ਤੋਂ ਉਦਾਸੀਨ ਹੋ ਗਏ। ਇਸ ਤਰ੍ਹਾਂ ਬਚਪਨ ਤੋਂ ਹੀ ਪ੍ਰਭੂ ਦੇ ਨਾਲ ਭਗਤ ਨਾਮਦੇਵ ਜੀ ਦਾ ਆਤਮਿਕ ਸੰਪਰਕ ਹੋ ਗਿਆ ਸੀ। ਉਹ ਜਿਉਂ-ਜਿਉਂ ਵੱਡੇ ਹੁੰਦੇ ਗਏ, ਭਗਤੀ ਦੇ ਵਿਚ ਲੀਨ ਹੁੰਦੇ ਗਏ। ਉਹਨਾਂ ਦੀ ਆਤਮਿਕ ਅਵਸਥਾ ਬਹੁਤ ਉੱਚੇਰੀ ਹੋ ਚੁੱਕੀ ਸੀ।


ਅਧਿਆਤਮਕ ਮਾਰਗ ਦੇ ਲਈ ਭਗਤ ਨਾਮਦੇਵ ਜੀ ਨੇ ਪਰਮਾਤਮਾ, ਗੁਰੂ ਅਤੇ ਨਾਮ ਸਿਮਰਨ ਦੀ ਮਹੱਤਤਾ ਨੂੰ ਸਵੀਕਾਰ ਕੀਤਾ ਹੈ। ਸਰਵ-ਵਿਆਪੀ ਪਰਮਾਤਮਾ ਦੇ ਵਿਚ ਵਿਸ਼ਵਾਸ ਰੱਖਣਾ, ਸੱਚੇ ਗੁਰੂ ਦੇ ਲੜ ਲੱਗਣਾ ਤੇ ਦਿਨ-ਰਾਤ ਪਰਮਾਤਮਾ ਦੇ ਸਿਮਰਨ ਵਿਚ ਲੀਨ ਰਹਿਣਾ ਇਕ ਭਗਤ ਦੀ ਸਫ਼ਲਤਾ ਲਈ ਜ਼ਰੂਰੀ ਪੱਖ ਹਨ। ਭਗਤ ਨਾਮਦੇਵ ਜੀ ਨੇ ਮਨੁੱਖ ਨੂੰ ਬੁਰੇ ਕਰਮਾਂ ਤੋਂ ਦੂਰ ਰਹਿਣ ਤੇ ਸੱਚ ਦੇ ਮਾਰਗ 'ਤੇ ਚੱਲਣ ਦਾ ਉਪਦੇਸ਼ ਦਿੱਤਾ। ਭਗਤ ਨਾਮਦੇਵ ਜੀ ਨੇ 13ਵੀਂ ਸਦੀ ਦੇ ਵਿਚ ਨੀਵੀਂ ਜਾਤ ਵਿਚ ਜਨਮ ਲੈ ਕੇ ਵੀ, ਜਦੋਂ ਕਿ ਨੀਵੀਂ ਜਾਤ ਵਾਲਿਆਂ ਨੂੰ ਪਰਮਾਤਮਾ ਦੀ ਭਗਤੀ ਕਰਨ ਤੋਂ ਵਾਂਝਿਆਂ ਹੀ ਰੱਖਿਆ ਜਾਂਦਾ ਸੀ, ਉਸ ਸਮੇਂ ਉਹਨਾਂ ਨੇ ਪਰਮਾਤਮਾ ਦੀ ਭਗਤੀ ਕਰਕੇ ਉਚੇਰੀ ਪਦਵੀ ਹਾਸਿਲ ਕੀਤੀ ਹੈ। ਜਿਸ ਬਾਰੇ ਗੁਰਬਾਣੀ ਫੁਰਮਾਣ ਵੀ ਹੈ 'ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ' ਸਦਕਾ ਇਹ ਦ੍ਰਿੜ ਕਰਵਾਇਆ ਕਿ ਪਰਮਾਤਮਾ ਕਿਸੇ ਉੱਚੀ ਜਾਂ ਨੀਵੀਂ ਜਾਤ ਵਾਲੇ ਨੂੰ ਨਹੀਂ ਮਿਲਦਾ, ਸਗੋਂ ਜੋ ਇਨਸਾਨ ਸੱਚੇ ਮਨ ਨਾਲ ਭਜਨ-ਬੰਦਗੀ ਕਰਦਾ ਹੈ, ਉਸ ਨੂੰ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ।ਉਹਨਾਂ ਦਾ ਜੀਵਨ ਕਿੰਨਾ ਸੱਚਾ-ਸੁੱਚਾ ਤੇ ਸੋਚ ਕਿੰਨੀ ਨਿਰਮਲ ਸੀ ਕਿ ਅੱਠ ਸਦੀਆਂ ਪਹਿਲਾਂ ਉਹਨਾਂ ਨੇ ਸੱਚ ਦਾ ਸੁਨੇਹਾ ਦਿੱਤਾ ਹੈ, ਅਜਿਹਾ ਸੱਚ ਜਿਹੜਾ ਸਦੀਵ ਕਾਲ ਦੇ ਲਈ ਮਨੁੱਖ ਦੇ ਕੰਮ ਆਉਣ ਵਾਲਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਭਗਤ ਨਾਮਦੇਵ ਜੀ ਦੇ 18 ਰਾਗਾਂ ਦੇ ਵਿਚ 61 ਸ਼ਬਦ ਦਰਜ ਹਨ। ਲੋੜ ਹੈ, ਅਜਿਹੇ ਮਹਾਂਪੁਰਖਾਂ ਦੇ ਵਿਚਾਰਾਂ ਦਾ ਪ੍ਰਸਾਰ ਕਰਨ ਦੀ, ਤਾਂ ਜੋ ਸਮਾਜ ਵਿਚ ਸ਼ਾਂਤੀ ਤੇ ਸਥਿਰਤਾ ਪੈਦਾ ਕਰ ਸਕੀਏ। ਊਚ-ਨੀਚ, ਜਾਤ-ਪਾਤ, ਫ਼ਿਰਕਾ-ਪ੍ਰਸਤੀ ਦੇ ਭੇਦ-ਭਾਵ ਦੂਰ ਕਰ ਸਕੀਏ। ਸਾਰੀ ਮਨੁੱਖਤਾ ਦਾ ਇਕ ਸਾਂਝਾ ਰੱਬ ਤੇ ਭਾਈਚਾਰਾ ਸਥਾਪਿਤ ਕਰ ਸਕੀਏ। ਭਗਤ ਜੀ ਦੀ ਬਾਣੀ ਦਾ ਮੁੱਖ ਉਦੇਸ਼ ਹੀ ਮਾਨਵ ਕਲਿਆਣ ਸੀ। ਆਪਣੇ ਜੀਵਨ ਦੇ ਲਗਭਗ 18 ਸਾਲ ਆਪ ਜੀ ਨੇ ਪੰਜਾਬ ਦੇ ਪਿੰਡ ਘੁਮਾਣ ਵਿਖੇ ਬਿਤਾਏ ਅਤੇ ਇੱਥੇ ਹੀ ਸੰਨ 1350 ਈ: ਵਿਚ ਆਪ ਜੀ ਦਾ ਦੇਹਾਂਤ ਹੋ ਗਿਆ। ਇਸ ਪਿੰਡ ਦੇ ਵਿਚ ਬਣਿਆ ਗੁਰਦੁਆਰਾ ਤਪ ਅਸਥਾਨ ਇਸ ਗੱਲ ਦੀ ਸਾਖੀ ਭਰਦਾ ਹੈ। ਆਪ ਜੀ ਦੀ ਮਿੱਠੀ ਯਾਦ ਦੇ ਵਿਚ ਇਸੇ ਸਥਾਨ 'ਤੇ 'ਦੇਹੁਰਾ ਬਾਬਾ ਨਾਮਦੇਵ' ਬਣਿਆ ਹੋਇਆ ਹੈ। ਸੰਗਤਾਂ ਨਿਰੰਤਰ ਇਸ ਸਥਾਨ 'ਤੇ ਹਾਜ਼ਰੀ ਭਰਦੀਆਂ ਹਨ।

ਇਹ ਵੀ ਪੜ੍ਹੋ: ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ

- PTC NEWS

Top News view more...

Latest News view more...