ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 16 ਜਨਵਰੀ ਨੂੰ ਚਾਰ ਸਾਹਿਬਜ਼ਾਦਿਆਂ ਬਾਰੇ ਰਾਸ਼ਟਰੀ ਗੋਸ਼ਟੀ ਦਾ ਆਯੋਜਨ ਕਰੇਗੀ

By  Joshi January 12th 2018 08:35 AM -- Updated: January 12th 2018 11:17 AM

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 16 ਜਨਵਰੀ ਨੂੰ ਚਾਰ ਸਾਹਿਬਜ਼ਾਦਿਆਂ ਬਾਰੇ ਰਾਸ਼ਟਰੀ ਗੋਸ਼ਟੀ ਦਾ ਆਯੋਜਨ ਕਰੇਗੀ

ਇਤਿਹਾਸਕ ਪਹਿਲਕਦਮੀ ਨਾਲ ਨੌਜਵਾਨ ਪੀੜੀ ਨੂੰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਸਿੱਖਿਅਤ ਕੀਤਾ ਜਾ ਸਕੇਗਾ : ਮਨਜੀਤ ਸਿੰਘ ਜੀ. ਕੇ, ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 16 ਜਨਵਰੀ ਨੂੰ ਵਿਗਿਆਨ ਭਵਨ ਦਿੱਲੀ ਵਿਖੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਰਾਸ਼ਟਰੀ ਗੋਸ਼ਟੀ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਇਸ ਗੱਲ ਦੀ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜੀਤ ਸਿੰਘ ਜੀ. ਕੇ. ਤੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਇਸ ਪੱਧਰ 'ਤੇ ਅਜਿਹਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਤਾਂ ਕਿ ਚਾਰ ਸਾਹਿਬਜ਼ਾਦਿਆਂ ਵੱਲੋਂ ਮਨੁੱਖਤਾ ਤੇ ਅਖੰਡਤਾ ਵਾਸਤੇ ਦਿੱਤੀ ਸ਼ਹਾਦਤ ਤੋਂ ਵਿਸ਼ਵ ਨੂੰ ਜਾਣੂ ਕਰਵਾਇਆ ਜਾ ਸਕੇ। ਇਸ ਪ੍ਰੋਗਰਾਮ ਵਿਚ ਕੇਂਦਰੀ ਮੰਤਰੀ ਸ੍ਰੀਮਤੀ ਸਮਿਰਤੀ ਜ਼ੁਬਿਨ ਇਰਾਨੀ ਤੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਇੰਡੀਆ ਟੀ ਵੀ ਦੇ ਚੇਅਰਮੈਨ ਤੇ ਐਡੀਟਰ ਇਨ ਚੀਫ ਸ੍ਰੀ ਰਜਤ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

ਉਹਨਾਂ ਹੋਰ ਦੱਸਿਆ ਕਿ ਮੈਂਬਰ ਪਾਰਲੀਮੈਂਟ ਸ੍ਰ ਸੁਖਦੇਵ ਸਿੰਘ ਢੀਂਡਸਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਸ੍ਰੀ ਪਰਵੇਸ਼ ਸਾਹਿਬ ਸਿੰਘ ਵਰਮਾ, ਸਾਬਕਾ ਐਮ ਪੀ ਤੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ੍ਰ ਤਰਲੋਚਨ ਸਿੰਘ ਤੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਵਿਸ਼ੇਸ਼ ਮਹਿਮਾਨ ਹੋਣਗੇ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 16 ਜਨਵਰੀ ਨੂੰ ਚਾਰ ਸਾਹਿਬਜ਼ਾਦਿਆਂ ਬਾਰੇ ਰਾਸ਼ਟਰੀ ਗੋਸ਼ਟੀ ਦਾ ਆਯੋਜਨ ਕਰੇਗੀਸ੍ਰੀ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਇਤਿਹਾਸਕ ਵਿਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਵੱਲੋਂ ਦਿੱਤੀ ਸ਼ਹਾਦਤ ਦੀ ਕੋਈ ਬਰਾਬਰੀ ਨਹੀਂ ਮਿਲਦੀ। ਉਹਨਾਂ ਕਿਹਾ ਕਿ ਛੋਟੀ ਜਿਹੀ ਉਮਰੇ ਇਹਨਾਂ ਸਾਹਿਬਜ਼ਾਦਿਆਂ ਨੇ ਮਨੁੱਖਤਾ ਤੇ ਦੇਸ਼ ਦੀ ਮੁਗਲਾਂ ਤੋਂ ਰਾਖੀ ਵਾਸਤੇ ਆਪਣੀ ਕੁਰਬਾਨੀ ਦੇਣ ਨੂੰ ਤਰਜੀਹ ਦਿੱਤੀ ਤੇ ਮੁਗਲਾਂ ਦੀ ਇਕ ਵੀ ਸ਼ਰਤ ਨਹੀਂ ਮੰਨੀ।

ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਜਿਹੀ ਮਹਾਨ ਕੁਰਬਾਨੀ ਤੋਂ ਦੇਸ਼ ਦੀ ਨੌਜਵਾਨ ਪੀੜੀ ਨੂੰ ਜਾਣੂ ਕਰਵਾਉਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹਨਾਂ ਦਲੇਰ, ਸਾਹਸੀ ਤੇ ਚੜ•ਦੀਕਲਾ ਵਿਚ ਰਹਿਣ ਵਾਲੇ ਸਾਹਿਬਜ਼ਾਦਿਆਂ ਨੇ ਮਨੂੱਖਤਾ ਖਾਤਰ ਕਿਵੇਂ ਆਪਣੀਆਂ ਜਾਨਾਂ ਵਾਰ ਦਿੱਤੀਆਂ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਹੁਣ ਤੱਕ ਵੱਖ ਵੱਖ ਸਰਕਾਰਾਂ ਨੇ ਇਹਨਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਕੋਈ ਵੀ ਅਧਿਆਇ ਸਕੂਲ ਸਿਲੇਬਸ ਵਿਚ ਸ਼ਾਮਲ ਕਰਨ ਵੱਲ ਤਵੱਜੋ ਨਹੀਂ ਦਿੱਤੀ ਪਰ ਹੁਣ ਇਕ ਨਵੀਂ ਸ਼ੁਰੂਆਤ ਹੋ ਗਈ ਹੈ ਤੇ ਉਹਨਾਂ ਨੂੰ ਆਸ ਹੈ ਕਿ ਨੇੜ ਭਵਿੱਖ ਵਿਚ ਸਾਰੇ ਸੂਬਾਈ ਸਿੱਖਿਆ ਬੋਰਡ ਐਨ ਸੀ ਈ ਆਰ ਟੀ ਦੇ ਰਾਹ 'ਤੇ ਚੱਲਣਗੇ ਜਿਸਨੇ ਸਾਹਿਬਜ਼ਾਦਿਆਂ ਦਾ ਇਤਿਹਾਸ ਆਪਣੇ ਸਿਲੇਬਸ ਵਿਚ ਸ਼ਾਮਲ ਕਰਨ ਦੀ ਸਹਿਮਤੀ ਦੇ ਦਿੱਤੀ ਹੈ।

ਦੋਹਾਂ ਆਗੂਆਂ ਨੇ ਹੋਰ ਕਿਹਾ ਕਿ ਇਹ ਰਾਸ਼ਟਰੀ ਗੋਸ਼ਟੀ ਸਾਡੇ ਬੱਚਿਆਂ ਤੇ ਨੌਜਵਾਨਾਂ ਪੀੜੀ ਨੂੰ ਚਾਰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਦੀ ਦੇਸ਼ ਵਾਸਤੇ ਮਹੱਤਤਾ ਤੋਂ ਜਾਣੂ ਕਰਵਾਉਣ ਵਿਚ ਯੋਗਦਾਨ ਪਾਵੇਗਾ। ਉਹਨਾਂ ਆਸ ਪ੍ਰਗਟ ਕੀਤੀ ਕਿ ਇਹ ਪਹਿਲਕਦਮੀ ਸਾਡੀ ਅਗਲੀ ਪੀੜੀ ਨੂੰ ਸਿੱਖਿਅਤ ਕਰਨ ਵਾਸਤੇ ਇਕ ਵੱਡ ਆਕਾਰੀ ਮੁਹਿੰਮ ਵਿਚ ਤਬਦੀਲ ਹੋ ਜਾਵੇਗੀ।

—PTC News

Related Post