ਇੰਡੀਅਨ ਏਅਰਲਾਈਨਜ਼ ਦੇ ਹਵਾਈਜਹਾਜ਼ ਦੇ ਅਗਵਾਕਾਰਾਂ ਨੂੰ ਮਦਦ ਦੇਣ ਲਈ ਸੂਬੇ ਦੀ ਕਾਨੂੰਨੀ ਸਹਾਇਤਾ ਟੀਮ ਨੂੰ ਨਿਰਦੇਸ਼ 

By  Joshi July 20th 2017 08:00 PM -- Updated: July 20th 2017 08:07 PM

ਚੰਡੀਗੜ, 20 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ 36 ਸਾਲ ਪਹਿਲਾਂ ਇੰਡੀਅਨ ਏਅਰਲਾਈਨਜ਼ ਦੇ ਇਕ ਜਹਾਜ਼ ਨੂੰ ਅਗਵਾ ਕਰਕੇ ਲਾਹੌਰ ਲਿਜਾਣ ’ਤੇ  ਦੋਹਰੀ ਸਜ਼ਾ ਹੰਢਾਉਣ ਦੀਆਂ ਸੰਭਾਵਨਾਵਾਂ ਦਾ ਸਾਹਮਣਾ ਕਰਨ ਵਾਲੇ ਦੋ ਸਿੱਖਾਂ ਨੂੰ ਕਾਨੂੰਨੀ ਮਦਦ ਦੇਣ ਲਈ ਸੂਬੇ ਦੀ ਕਾਨੂੰਨੀ ਸਹਾਇਤਾ ਟੀਮ ਨੂੰ ਨਿਰਦੇਸ਼ ਜਾਰੀ ਕੀਤੇ ਹਨ।

ਮੁੱਖ ਮੰਤਰੀ ਨੇ ਆਖਿਆ ਕਿ ਭਾਵੇਂ ਅਗਵਾ ਦੀ ਘਟਨਾ ਨਿੰਦਣਯੋਗ ਹੈ ਪਰ ਉਸੇ ਅਪਰਾਧ ਲਈ ਪਾਕਿਸਤਾਨ ਵਿਚ ਉਮਰ ਕੈਦ ਭੁਗਤ ਚੁੱਕੇ ਦੋਵਾਂ ਸਿੱਖਾਂ ਖਿਲਾਫ ਮੁੜ ਕਾਨੂੰਨੀ ਕਾਰਵਾਈ ਦੀ ਕੋਸ਼ਿਸ਼ ਕਰਨਾ ਨਿਆਂ ਨਾਲ ਗੰਭੀਰ ਖਿਲਵਾੜ ਹੋਵੇਗਾ। ਉਨਾਂ ਕਿਹਾ ਕਿ ਇਹ ਦੋਹਰੀ ਸਜ਼ਾ ਦੇਣ ਦੇ ਬਰਾਬਰ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਲੋੜ ਪੈਣ ’ਤੇ ਦੋਵਾਂ ਸਿੱਖਾਂ ਨੂੰ ਕਾਨੂੰਨੀ ਸਹਾਇਤਾ ਦੇਣ ਲਈ ਗ੍ਰਹਿ ਵਿਭਾਗ ਦੀ ਕਾਨੂੰਨੀ ਸਹਾਇਤਾ ਟੀਮ ਨੂੰ ਹਦਾਇਤ ਕਰ ਦਿੱਤੀ ਹੈ।

ਮੁੱਖ ਮੰਤਰੀ ਨੇ ਆਖਿਆ ਕਿ ਉਹ ਕੇਸ ਦੀਆਂ ਵਿਵਸਥਾਵਾਂ ਵਿਚ ਨਹੀਂ ਜਾਉਣਾ ਚਾਹੁੰਦੇ ਕਿਉਂਕਿ ਇਹ ਕੇਸ ਅਦਾਲਤੀ ਪ੍ਰਕਿਰਿਆ ਹੇਠ ਹੈ। ਉਨਾਂ ਕਿਹਾ ਕਿ 36 ਸਾਲ ਦਾ ਸਮਾਂ ਬਹੁਤ ਲੰਮਾ ਹੁੰਦਾ ਹੈ ਖਾਸ ਤੌਰ ਓਦੋਂ ਜਦੋਂ ਇਹ ਮੰਨਿਆ ਗਿਆ ਹੈ ਕਿ ਉਨਾਂ ਦੀ ਉਮਰ ਕੈਦ 14 ਸਾਲ ਤੋਂ ਵੱਧ ਨਹੀਂ ਹੋਵੇਗੀ।

ਸ੍ਰੀਨਗਰ ਨੂੰ ਜਾਣ ਵਾਲਾ ਇੰਡੀਅਨ ਏਅਰਲਾਈਨ ਦਾ ਜਹਾਜ਼ 107 ਯਾਤਰੀਆਂ ਅਤੇ ਜਹਾਜ਼ ਦੇ ਅਮਲੇ ਦੇ ਛੇ ਮੈਂਬਰਾਂ ਸਣੇ ਅਗਵਾ ਕਰਕੇ 1981 ਵਿਚ ਲਾਹੌਰ ਲਿਜਾਇਆ ਗਿਆ ਸੀ। ਮੁੱਖ ਅਗਵਾਕਾਰਾਂ ਵਿਚ ਗਜਿੰਦਰ ਸਿੰਘ, ਕਰਨ ਸਿੰਘ, ਸਤਨਾਮ ਸਿੰਘ, ਜਸਬੀਰ ਸਿੰਘ ਅਤੇ ਤੇਜਿੰਦਰ ਪਾਲ ਸਿੰਘ ਸ਼ਾਮਲ ਸਨ ਜਿਨਾਂ ਨੂੰ ਲਾਹੌਰ (ਪਾਕਿਸਤਾਨ) ਵਿਖੇ 3 ਸਤੰਬਰ 1981 ਨੂੰ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਉਨਾਂ ਨੂੰ ਵਿਸ਼ੇਸ਼ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਹੋਈ ਸੀ।

ਸਜ਼ਾ ਮੁਕੰਮਲ ਹੋਣ ਤੋਂ ਬਾਅਦ ਸਤਨਾਮ ਸਿੰਘ 1999 ਵਿਚ ਨੇਪਾਲ ਦੇ ਰਾਸਤੇ ਭਾਰਤ ਵਾਪਸ ਆਇਆ ਸੀ ਅਤੇ ਉਸ ਨੇ ਨਵੀਂ ਦਿੱਲੀ ਦੀ ਟਰਾਇਲ ਕੋਰਟ ਅੱਗੇ ਸਮਰਪਣ ਕਰ ਦਿੱਤਾ ਸੀ। ਅਦਾਲਤ ਨੇ ਉਸ ਨੂੰ 2002 ਵਿਚ ਜ਼ਮਾਨਤ ’ਤੇ ਰਿਹਾ ਕਰ ਦਿੱਤਾ। ਉਸ ਨੂੰ  ਦੋਹਰੀ ਸਜ਼ਾ ਦੇ ਆਧਾਰ ’ਤੇ ਰਿਹਾ ਕਰ ਦਿੱਤਾ ਗਿਆ।

ਤੇਜਿੰਦਰ ਸਾਲ 2000 ਵਿਚ ਭਾਰਤ ਵਾਪਸ ਆਇਆ ਅਤੇ ਉਸ ਨੇ ਐਲਡੀ. ਏ.ਸੀ.ਐਮ.ਐਮ. ਦੇ ਅੱਗੇ ਉਸੇ ਆਧਾਰ ’ਤੇ ਰਿਹਾਈ ਲਈ ਅਰਜੀ ਦਾਖਲ ਕਰ ਦਿੱਤੀ ਸੀ ਪਰ ਅਦਾਲਤ ਨੇ ਕਿਹਾ ਕਿ ਉਹ ਪਹਿਲੀ ਅਦਾਲਤ ਦੇ ਹੁਕਮ ’ਤੇ ਪਾਬੰਦ ਨਹੀਂ ਹੈ ਅਤੇ ਉਸ ਨੇ ਇਹ ਅਰਜੀ ਰੱਦ ਕਰ ਦਿੱਤੀ। ਬਾਕੀ ਤਿੰਨ ਦੋਸ਼ੀ ਅਜੇ ਵੀ ਵਿਦੇਸ਼ ਵਿਚ ਹਨ।

ਸਤਨਾਮ ਅਤੇ ਤੇਜਿੰਦਰ ਹੁਣ ਭਾਰਤ ਵਿਚ ਦੇਸ਼ ਧਰੋਹ ਦੇ ਦੋਸ਼ ਦਾ ਸਾਹਮਣਾ ਕਰ ਰਹੇ ਹਨ। ਜਿਸ ਦੇ ਸਬੰਧ ਵਿਚ ਉਨਾਂ ਦੇ ਵਕੀਲ ਨੇ ਇਸ ਨੂੰ ਦੋਹਰੀ ਸਜ਼ਾ ਦੀ ‘‘ਕਲਾਸਕੀ ਉਦਾਹਰਨ’’ ਦੱਸਿਆ ਹੈ ਕਿਉਂਕਿ ਦੋਵੇਂ ‘‘ਉਨਾਂ ਤੱਥਾਂ ੳੱਤੇ’’ ਇਕ ਟਰਾਇਲ ਤੋਂ ਬਾਅਦ ਦੂਜੇ ਦਾ ਸਾਹਮਣਾ ਕਰ ਰਹੇ ਹਨ।

—PTC News

Related Post