ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਨ ਪੁੱਜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 5 ਤੀਰ ਅੰਦਾਜ਼

By  Joshi July 19th 2017 01:11 PM -- Updated: July 19th 2017 03:01 PM

ਮੁੱਖ ਮੰਤਰੀ ਨੇ ਆਪਣੇ ਪ੍ਰਮੁੱਖ ਸਕੱਤਰ ਨੂੰ ਤੀਰਅੰਦਾਜ਼ੀ ਦਾ ਸਾਜ਼ੋ-ਸਾਮਾਨ ਖਰੀਦਣ ਦੀ ਪ੍ਰਿਆ ਤੇਜ਼ ਕਰਨ ਲਈ ਆਖਿਆ

ਚੰਡੀਗੜ

ਚੀਨ ਵਿੱਚ ਸਾਲ 2017 ਦੀਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਲਈ ਚੁਣੇ ਗਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤੀਰਅੰਦਾਜ਼ਾਂ ਨੇ ਅੱਜ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਮੇਂ ਸਿਰ ਦਖ਼ਲ ਦੇਣ ਲਈ ਧੰਨਵਾਦ ਕੀਤਾ ਜਿਸ ਸਦਕਾ ਉਨਾਂ ਦਾ ਇਸ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਹਿੱਸਾ ਲੈਣਾ ਯਕੀਨੀ ਹੋ ਸਕਿਆ।

ਨਾ-ਉਮੀਦ ਹੋਏ ਵਿਦਿਆਰਥੀਆਂ ਦੀ ਅਪੀਲ ’ਤੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਇਨਾਂ ਤੀਰਅੰਦਾਜ਼ਾਂ ਨੂੰ ਲੋੜੀਂਦੇ ਫੰਡ ਤੁਰੰਤ ਜਾਰੀ ਕਰਨ ਦੇਣ ਦੇ ਹੁਕਮ ਦਿੱਤੇ। ਮੁੱਖ ਮੰਤਰੀ ਨੇ ਲੋੜੀਂਦੇ ਖਰਚੇ ਦੀ ਰਾਸ਼ੀ ਜਮਾਂ ਕਰਵਾਉਣ ਦੀ ਅੰਤਮ ਹੱਦ ਮੁੱਕਣ ਤੋਂ ਕੁਝ ਘੰਟੇ ਪਹਿਲਾਂ ਦਖ਼ਲ ਦਿੱਤਾ।

ਤੀਰਅੰਦਾਜ਼ਾਂ ਨੇ ਅੱਜ ਮੁੱਖ ਮੰਤਰੀ ਨੂੰ ਇੱਥੇ ਸਰਕਾਰੀ ਰਿਹਾਇਸ਼ ’ਤੇ ਮਿਲ ਕੇ ਫੰਡਾਂ ਦੀ ਘਾਟ ਕਾਰਨ ਸੁਨਹਿਰੀ ਮੌਕੇ ਤੋਂ ਖੁੰਝ ਨਾ ਜਾਣ ਨੂੰ ਯਕੀਨੀ ਬਣਾਉਣ ਲਈ ਉਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਯੂਨੀਵਰਸਿਟੀ ਨੇ ਵਸੀਲਿਆਂ ਦੀ ਘਾਟ ਕਾਰਨ ਫੰਡ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਕੈਪਟਨ ਅਮਰਿੰਦਰ ਸਿੰਘ

19 ਤੋਂ 30 ਅਗਸਤ ਤੱਕ ਤਾਈਪਾਈ ਵਿਖੇ ਹੋ ਰਹੇ ਕੌਮਾਂਤਰੀ ਮੁਕਾਬਲੇ ਲਈ ਇਨਾਂ ਤੀਰਅੰਦਾਜ਼ਾਂ ਦੀ ਚੋਣ ਹੋਣੀ ਪੰਜਾਬ ਲਈ ਮਾਣ ਵਾਲੀ ਗੱਲ ਹੈ ਅਤੇ ਮੁੱਖ ਮੰਤਰੀ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਉਮੀਦ ਜ਼ਾਹਰ ਕੀਤੀ ਕਿ ਉਹ ਆਪਣੇ ਵਤਨ ਦਾ ਨਾਮ ਉੱਚਾ ਕਰਨਗੇ।

ਖੇਡਾਂ ਨੂੰ ਉਤਸ਼ਾਹਤ ਕਰਨ ਵਿੱਚ ਖੁਦ ਡੂੰਘੀ ਦਿਲਚਸਪੀ ਲੈਣ ਵਾਲੇ ਮੁੱਖ ਮੰਤਰੀ ਨੇ ਆਪਣੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਨੂੰ ਤੀਰਅੰਦਾਜ਼ਾਂ ਲਈ ਨਵਾਂ ਸਾਜ਼ੋ-ਸਾਮਾਨ ਖਰੀਦਣ ਨਾਲ ਸਬੰਧਤ ਬਕਾਇਆ ਪਈਆਂ ਫਾਈਲਾਂ ਨੂੰ ਛੇਤੀ ਪ੍ਰਵਾਨਗੀ ਦੇਣ ਲਈ ਆਖਿਆ।

ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਕਾਰਵਾਈ ਕਰਦਿਆਂ ਯੂਨੀਵਰਸਿਟੀ ਨੇ ਮੰਗਲਵਾਰ ਦੀ ਸ਼ਾਮ ਨੂੰ ਤੀਰਅੰਦਾਜ਼ ਪ੍ਰਭਜੋਤ ਕੌਰ, ਇੰਦਰਜੀਤ ਵਰਮਾ, ਅਮਨਜੀਤ ਸਿੰਘ, ਲਵਜੀਤ ਸਿੰਘ ਅਤੇ ਸਨੇਹਲ ਮਨਧੇਰ ਲਈ ਲੋੜੀਂਦੇ ਫੰਡ ਜਾਰੀ ਕਰ ਦਿੱਤੇ।

ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਉਪ ਕੁਲਪਤੀ ਐਸ.ਕੇ. ਸੰਧੂਨੂੰ ਭਰੋਸਾ ਦਿਵਾਇਆ ਕਿ ਜੇਕਰ ਯੂਨੀਵਰਸਿਟੀ ਖਰਚਾ ਚੁੱਕਣ ਦੇ ਸਮਰਥ ਨਾ ਹੋਈ ਤਾਂ ਸਰਕਾਰ ਵੱਲੋਂ ਇਕ ਲੱਖ 73 ਹਜ਼ਾਰ ਰੁਪਏ ਪ੍ਰਤੀ ਤੀਰਅੰਦਾਜ਼ ਦਾ ਬਿੱਲ ਸਹਿਣ ਕੀਤਾ ਜਾਵੇਗਾ।

 

 

—PTC News

Related Post