ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭਾਈ ਰੂਪਾ (ਬਠਿੰਡਾ) ਵਿਖੇ ਜ਼ਮੀਨ ਨੂੰ ਸਿਆਸੀ ਦਬਾਅ 'ਚ ਹੜੱਪਣ ਤੋਂ ਬਚਾਇਆ ਜਾਵੇ -ਪ੍ਰੋ. ਕਿਰਪਾਲ ਸਿੰਘ ਬਡੂੰਗਰ

By  Joshi June 9th 2017 04:55 PM -- Updated: June 9th 2017 05:17 PM

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਨਾਮਪੁਰ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਵਿਖੇ ਸਥਿਤ ੧੬੧ ਏਕੜ ਮਾਲਕੀ ਜ਼ਮੀਨ ਨੂੰ ਮੌਜੂਦਾ ਸਰਕਾਰ ਦੇ ਸਿਆਸੀ ਦਬਾਅ ਹੇਠ ਹੜੱਪਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸਬੰਧੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨੂੰ ਚਿੱਠੀ ਪੱਤਰ ਭੇਜ ਕੇ ਇਸ ਜ਼ਮੀਨ ਨੂੰ ਖੁਰਦ ਬੁਰਦ ਹੋਣ ਤੋਂ ਬਚਾਉਣ ਲਈ ਉਕਤ ਵਿਭਾਗਾਂ ਨੂੰ ਅਪੀਲ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਪੰਜਾਬ ਸਰਕਾਰ, ਡਾਇਰੈਕਟਰ ਜਨਰਲ ਪੰਜਾਬ ਪੁਲਿਸ, ਡਿਪਟੀ ਕਮਿਸ਼ਨਰ ਬਠਿੰਡਾ ਅਤੇ ਐਸ.ਐਸ.ਪੀ. ਬਠਿੰਡਾ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਕਿ ਸ਼੍ਰੋਮਣੀ ਕਮੇਟੀ ਦੀ ਪਿੰਡ ਭਾਈ ਰੂਪਾ ਤਹਿਸੀਲ ਰਾਮਪੁਰਾ ਫੂਲ, ਜ਼ਿਲ੍ਹਾ ਬਠਿੰਡਾ ਵਿਖੇ ਸਥਿਤ ੧੬੧ ਏਕੜ ਜ਼ਮੀਨ ਜੋ ਸੁਪਰੀਮ ਕੋਰਟ ਵੱਲੋਂ ਐਸ.ਐਲ.ਸੀ. ਨੰਬਰ ੧੯੨੧/੧੯੮੪ ਰਾਹੀਂ ੧੯੯੯ 'ਚ ਹੋਏ ਫ਼ੈਸਲੇ ਮੁਤਾਬਿਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਾਪਤ ਹੋਈ ਸੀ, ਜਿਸ ਸਬੰਧੀ ਮਾਲ ਰਿਕਾਰਡ ਵਿਚ ਬਕਾਇਦਾ ਅਮਲ ਦਰਾਮਦ ਅਤੇ ਇੰਤਕਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮ ਦਰਜ਼ ਹੋ ਚੁੱਕਾ ਹੈ ਤੇ ਇਹ ਜ਼ਮੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ੨੦੧੩ ਵਿਚ ਠੇਕੇ ਪੁਰ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ੧੨/੫/੨੦੧੭ ਨੂੰ ਪਿੰਡ ਦੇ ਹੀ ਕੁਝ ਸ਼ਰਾਰਤੀ ਅਨਸਰ ਜਿਨ੍ਹਾਂ ਇਕ ਗੈਰ ਕਾਨੂੰਨੀ ਲੰਗਰ ਕਮੇਟੀ ਬਣਾ ਕੇ ਸਿਆਸੀ ਸ਼ਹਿ 'ਤੇ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਸ਼੍ਰੋਮਣੀ ਕਮੇਟੀ ਵੱਲੋਂ ਉਕਤ ਗੈਰ ਕਾਨੂੰਨੀ ਲੰਗਰ ਕਮੇਟੀ ਦੇ ਕਾਬਾਜ਼ਕਾਰ ਖ਼ਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ਼ ਸ਼ਿਕਾਇਤ ਦਰਜ਼ ਕਰਵਾਈ ਹੈ, ਜਿਥੇ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਤੇ ਹੁਣ ਪਤਾ ਲੱਗਾ ਕਿ ਉਕਤ ਲੰਗਰ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ ੧੦/੦੬/੨੦੧੭ ਨੂੰ ਗੈਰ ਕਾਨੂੰਨੀ ਢੰਗ ਨਾਲ ਠੇਕੇ ਪੁਰ ਦੇਣ ਜਾ ਰਹੀ ਹੈ, ਜੋ ਸਰਾਸਰ ਗੈਰ ਕਾਨੂੰਨੀ ਤੇ ਧੱਕੇਸ਼ਾਹੀ ਹੈ।ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਵੱਖ-ਵੱਖ ਪੰਜਾਬ ਸਰਕਾਰ ਦੇ ਵਿਭਾਗਾਂ ਨੂੰ ਪੱਤਰ ਲਿਖ ਕੇ ਧਿਆਨ 'ਚ ਲਿਆਂਦਾ ਕਿ ਭਾਈ ਰੂਪਾ ਜ਼ਮੀਨ ਦੇ ਮਾਲ ਰਿਕਾਰਡ 'ਚ ਸਿਆਸੀ ਸ਼ਹਿ 'ਤੇ ਛੇੜ-ਛਾੜ ਕੀਤੀ ਜਾ ਰਹੀ ਹੈ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਅਖੌਤੀ ਕਮੇਟੀ ਵੱਲੋਂ ਵਿਵਾਦ ਅਤੇ ਆਪਸੀ ਟਕਰਾਅ ਵਾਲੀਆਂ ਕੀਤੀਆਂ ਜਾ ਰਹੀਆਂ ਨਾ ਸਹਿਣਯੋਗ ਹਰਕਤਾਂ ਨੂੰ ਤੁਰੰਤ ਰੋਕਿਆ ਜਾਵੇ ਤਾਂ ਜੋ ਕਿਸੇ ਵੀ ਕਿਸਮ ਦਾ ਟਕਰਾਅ ਨਾ ਹੋਵੇ ਤੇ ਅਮਨ ਕਾਇਮ ਬਰਕਰਾਰ ਰਹਿ ਸਕੇ।

—PTC News

 

Related Post