ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਲਰ ਊਰਜਾ ਤੋਂ ਬਣਨ ਵਾਲੀ ਭਾਫ (ਅਸਟੀਮ) ਨਾਲ ਲੰਗਰ ਤਿਆਰ ਕੀਤਾ ਜਾਵੇਗਾ

By  Joshi June 26th 2017 05:40 PM -- Updated: June 27th 2017 10:04 AM

  • ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਪੇਡਾ ਪੰਜਾਬ ਦੇ ਡਾਇਰੈਕਟਰ ਨਾਲ ਹੋਈ ਮੀਟਿੰਗ

    ਡੇਢ ਕਰੋੜ ਦੀ ਲਾਗਤ ਨਾਲ ਸੋਲਰ ਊਰਜਾ ਸਿਸਟਮ ਦੀ ਸੇਵਾ ਐਨਪਾਰ ਗਰੁੱਪ ਮੁੰਬਈ ਕਰਵਾਏਗੀ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਉਚੇਚੇ ਯਤਨਾਂ ਸਦਕਾ ਪ੍ਰਦੂਸ਼ਣ ਦੇ ਰੋਕਥਾਮ ਲਈ ਜਲਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਜੀ ਦੇ ਲੰਗਰ ਸੋਲਰ ਊਰਜਾ ਤੋਂ ਬਣਨ ਵਾਲੀ ਭਾਫ ਨਾਲ ਤਿਆਰ ਕੀਤਾ ਜਾਵੇਗਾ। ਇਸ ਸਬੰਧੀ ਅੱਜ ਪੇਡਾ ਪੰਜਾਬ ਦੇ ਡਾਇਰੈਕਟਰ ਸ. ਬਲੋਰ ਸਿੰਘ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਟੀਮ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਦੀ ਨਵੀਂ ਬਣੀ ਇਮਾਰਤ ਦੇ ਉਪਰ ਲੱਗਣ ਵਾਲੇ ਸੋਲਰ ਊਰਜਾ ਸਿਸਟਮ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ। ਇਸ ਤੋਂ ਪਹਿਲਾ ਸ਼੍ਰੋਮਣੀ ਕਮੇਟੀ ਦੇ ਐਡੀ: ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ ਅਤੇ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ. ਸੁਲੱਖਣ ਸਿੰਘ ਭੰਗਾਲੀ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀ: ਮੈਨੇਜਰਾਂ ਨਾਲ ਡਾਇਰੈਕਟਰ ਪੇਡਾ ਪੰਜਾਬ ਸ. ਬਲੋਰ ਸਿੰਘ ਨੇ ਸੋਲਰ ਊਰਜਾ ਸਿਸਟਮ ਲਗਾਉਣ ਸਬੰਧੀ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਮੀਟਿੰਗ ਕਰਕੇ ਇਸ ਪ੍ਰਜੈਕਟ ਸਬੰਧੀ ਸਮੁੱਚੀ ਜਾਣਕਾਰੀ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੇਡਾ ਪੰਜਾਬ ਦੇ ਸਾਬਕਾ ਚੇਅਰਮੈਨ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਭਾਈ ਮਨਜੀਤ ਸਿੰਘ ਭੂਰਾਕੋਹਨਾ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਵਿਸ਼ੇਸ਼ ਉਪਰਾਲੇ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਪ੍ਰਦੂਸਣ ਦੀ ਰੋਕਥਾਮ ਲਈ ਜਲਦ ਹੀ ਸੋਲਰ ਊਰਜਾ ਸਿਸਟਮ ਲਗਾ ਕੇ ਉਸ ਤੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਘਰ ਲਈ ਸਬਜ਼ੀਆਂ, ਦਾਲਾ, ਪ੍ਰਸ਼ਾਦੇ ਤਿਆਰ ਕਰਕੇ ਸੰਗਤਾਂ ਨੂੰ ਛਕਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੋਲਰ ਊਰਜਾ ਸਿਸਟਮ ਸ਼ੁਰੂ ਹੋਣ 'ਤੇ ਗੁਰੂ-ਘਰ ਦੇ ਲੰਗਰ ਵਿਚ ਪਹਿਲਾ ਵਰਤੋਂ ਵਿਚ ਲਿਆਂਦੀ ਜਾ ਰਹੀ ਲੱਕੜ ਅਤੇ ਐਲ.ਪੀ.ਜੀ. ਗੈਸ ਦੀ ਵਰਤੋਂ ਬਹੁਤ ਘੱਟ ਰਹਿ ਜਾਵੇਗੀ ਤੇ ਇਸ ਨਾਲ ਪ੍ਰਦੂਸ਼ਣ ਵੀ ਘਟੇਗਾ। ਉਨ੍ਹਾਂ ਕਿਹਾ ਕਿ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ ਇਸ ਸੋਲਰ ਊਰਜਾ ਸਿਸਟਮ ਦੀ ਸੇਵਾ (ਐਨਪਾਰ ਗਰੁੱਪ ਮੁੰਬਈ) ਵੱਲੋਂ ਪੇਡਾ ਪੰਜਾਬ ਰਾਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੋਲਰ ਊਰਜਾ ਸਿਸਟਮ ਤੋਂ ਬਣਨ ਵਾਲੀ ਭਾਫ (ਅਸਟੀਮ) ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁਰੂ ਰਾਮਦਾਸ ਲੰਗਰ ਘਰ ਵਿਚ ਲੰਗਰ ਤਿਆਰ ਕਰਨ ਲਈ ਪਹਿਲਾ ਨਾਲੋਂ ਸਮਾਂ ਵੀ ਘੱਟ ਲੱਗੇਗਾ ਅਤੇ ਬੱਦਲਵਾਈ, ਧੁੰਦ ਦੇ ਮੌਸਮ ਵਿਚ ਇਸ ਸਿਸਟਮ ਨੂੰ ਐਲ.ਪੀ.ਜੀ. ਗੈਸ ਅਤੇ ਤੇਲ ਦੀ ਵਰਤੋਂ ਨਾਲ ਜੋੜਿਆ ਜਾਵੇਗਾ। ਪੇਡਾ ਅਧਿਕਾਰੀਆਂ ਨਾਲ ਮੀਟਿੰਗ ਕਰਨ ਮੌਕੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਐਡੀ: ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਸੁਲੱਖਣ ਸਿੰਘ ਭੰਗਾਲੀ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਸੁਖਜਿੰਦਰ ਸਿੰਘ ਜੇ.ਈ., ਸ. ਗੁਰਿੰਦਰ ਸਿੰਘ ਮੈਨੇਜਰ, ਸ. ਹਰਜਿੰਦਰ ਸਿੰਘ ਭੂਰਾਕੋਹਨਾ, ਸ. ਹਰਪ੍ਰੀਤ ਸਿੰਘ, ਸ. ਲਖਵਿੰਦਰ ਸਿੰਘ ਬੱਦੋਵਾਲ, ਸ. ਸਤਨਾਮ ਸਿੰਘ, ਸ. ਸੁਖਰਾਜ ਸਿੰਘ, ਸ. ਬਘੇਲ ਸਿੰਘ ਸਾਰੇ ਐਡੀ: ਮੈਨੇਜਰ ਸ੍ਰੀ ਦਰਬਾਰ ਸਾਹਿਬ ਹਾਜ਼ਰ ਸਨ। ਉਪਰੰਤ ਪੇਡਾ ਦੇ ਡਾਇਰੈਕਟਰ ਸ. ਬਲੋਰ ਸਿੰਘ, ਸ. ਰੁਪਿੰਦਰ ਸਿੰਘ ਪੇਡਾ ਅਧਿਕਾਰੀ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ, ਮੈਨੇਜਰ ਸ. ਰਘਬੀਰ ਸਿੰਘ ਮੰਡ, ਐਡੀ: ਮੈਨੇਜਰ ਸ. ਹਰਜਿੰਦਰ ਸਿੰਘ ਭੂਰਾਕੋਹਨਾ ਵੱਲੋਂ ਸਾਂਝੇ ਤੌਰ ਤੇ ਦਫ਼ਤਰ ਲੰਗਰ ਘਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਤਸਵੀਰ, ਲੋਈ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

—PTC News

Related Post