ਅਬੋਹਰ 'ਚ ਓਵਰਬ੍ਰਿਜ ਤੋਂ ਡਿੱਗੀ PRTC ਦੀ ਬੱਸ, 2 ਦੀ ਹਾਲਤ ਗੰਭੀਰ

ਅਬੋਹਰ 'ਚ PRTC ਦੀ ਬੱਸ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋਂਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਿਸ ਤੋਂ ਬਾਅਦ ਬੱਸ ਓਵਰਬ੍ਰਿਜ ਦੀ ਰੇਲਿੰਗ ਤੋੜ ਕੇ ਹੇਠਾਂ ਡਿੱਗ ਗਈ

By  Amritpal Singh April 25th 2024 10:10 AM

Punjab News: ਅਬੋਹਰ 'ਚ PRTC ਦੀ ਬੱਸ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋਂਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਿਸ ਤੋਂ ਬਾਅਦ ਬੱਸ ਓਵਰਬ੍ਰਿਜ ਦੀ ਰੇਲਿੰਗ ਤੋੜ ਕੇ ਹੇਠਾਂ ਡਿੱਗ ਗਈ, ਜਦਕਿ ਟਰੈਕਟਰ ਟਰਾਲੀ ਦੇ 3 ਟੁਕੜੇ ਹੋ ਗਏ। ਇਸ ਘਟਨਾ ਵਿੱਚ ਬੱਸ ਅਤੇ ਟਰੈਕਟਰ ਟਰਾਲੀ ਦੇ ਡਰਾਈਵਰ ਜ਼ਖ਼ਮੀ ਹੋ ਗਏ।

ਜਿਨ੍ਹਾਂ ਵਿਚੋਂ 2 ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਮੈਡੀਕਲ ਸੈਂਟਰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੇ ਸਮੇਂ ਬੱਸ 'ਚ ਕਰੀਬ 15 ਯਾਤਰੀ ਬੈਠੇ ਸਨ।

ਬੱਸ ਚਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 5:15 ਵਜੇ ਉਹ ਅਬੋਹਰ ਤੋਂ ਮਲੋਟ ਵੱਲ ਜਾ ਰਿਹਾ ਸੀ ਜਦੋਂ ਉਹ ਗੋਵਿੰਦਗੜ੍ਹ ਨੇੜੇ ਪੁੱਜਾ ਤਾਂ ਅਚਾਨਕ ਉਸ ਦੀ ਬੱਸ ਦੀਆਂ ਲਾਈਟਾਂ ਬੰਦ ਹੋ ਗਈਆਂ ਅਤੇ ਅੱਗੇ ਪੁਲ ਤੇ ਲੱਗੀਆਂ ਲਾਈਟਾਂ ਵੀ ਬੰਦ ਸਨ, ਜਿਸ ਕਾਰਨ ਉਹ ਟਰੈਕਟਰ ਨੂੰ ਸੜਕ 'ਤੇ ਅੱਗੇ ਜਾਂਦਾ ਦੇਖ ਨਹੀਂ ਸਕਿਆ।

ਗੁਰਪ੍ਰੀਤ ਨੇ ਦੱਸਿਆ ਕਿ ਹਨੇਰਾ ਹੋਣ ਕਾਰਨ ਉਸ ਦੀ ਬੱਸ ਇਕ ਟਰੈਕਟਰ ਟਰਾਲੀ ਨਾਲ ਟਕਰਾ ਗਈ, ਜਿਸ ਕਾਰਨ ਦੋਵੇਂ ਵਾਹਨ ਬੇਕਾਬੂ ਹੋ ਗਏ ਅਤੇ ਬੱਸ ਓਵਰਬ੍ਰਿਜ ਦੀ ਰੇਲਿੰਗ ਤੋੜ ਕੇ ਕਰੀਬ 4 ਫੁੱਟ ਦੀ ਉਚਾਈ ਤੋਂ ਡਿੱਗ ਕੇ ਪਲਟ ਗਈ।

ਬੱਸ ਚਾਲਕ ਗੁਰਪ੍ਰੀਤ ਸਿੰਘ ਤੋਂ ਇਲਾਵਾ ਟਰੈਕਟਰ ਟਰਾਲੀ ’ਤੇ ਸਵਾਰ ਭਗਤ ਸਿੰਘ ਵਾਸੀ ਪਿੰਡ ਗਦਰ ਖੇੜਾ ਰਾਜਸਥਾਨ ਅਤੇ ਸੁਖਪਾਲ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਪਿੰਡ ਦੌਦਾ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਸਾਰਿਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੋਂ ਭਗਤ ਸਿੰਘ ਅਤੇ ਸੁਖਪਾਲ ਸਿੰਘ ਨੂੰ ਰੈਫਰ ਕਰ ਦਿੱਤਾ ਗਿਆ। ਗੁਰਪ੍ਰੀਤ ਸਿੰਘ ਅਨੁਸਾਰ ਘਟਨਾ ਸਮੇਂ ਬੱਸ ਵਿੱਚ 15 ਦੇ ਕਰੀਬ ਸਵਾਰੀਆਂ ਬੈਠੇ ਸਨ।

ਇਸ ਘਟਨਾ ਵਿੱਚ ਇੱਕ ਮਹਿਲਾ ਸਵਾਰੀ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਨੂੰ ਮੁੱਢਲੀ ਸਹਾਇਤਾ ਦੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ, ਇਸ ਘਟਨਾ ਵਿੱਚ ਟਰੈਕਟਰ ਟਰਾਲੀ ਦੇ ਤਿੰਨ ਟੁਕੜੇ ਹੋ ਗਏ ਜਦਕਿ ਬੱਸ ਨੂੰ ਵੀ ਭਾਰੀ ਨੁਕਸਾਨ ਪੁੱਜਾ। ਰਾਹਤ ਦੀ ਗੱਲ ਇਹ ਹੈ ਕਿ ਘਟਨਾ ਸਮੇਂ ਬੱਸ ਪੁਲ 'ਤੇ ਜ਼ਿਆਦਾ ਉਚਾਈ 'ਤੇ ਨਹੀਂ ਸੀ, ਨਹੀਂ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related Post