ਬਲਟਾਣਾ ਐਨਕਾਊਂਟਰ ਮਾਮਲੇ ’ਚ ਲੋੜੀਂਦਾ ਗੈਂਗਸਟਰ ਅੰਕਿਤ ਰਾਣਾ ਪੁਲਿਸ ਅੜਿੱਕੇ

By  Aarti December 3rd 2022 06:14 PM -- Updated: December 3rd 2022 06:25 PM

ਮੁਹਾਲੀ, (3 ਦਸੰਬਰ 2022): ਪੰਜਾਬ ਪੁਲਿਸ ਨੇ ਬਲਟਾਣਾ ਐਨਕਾਊਂਟਰ ਮਾਮਲੇ ਵਿੱਚ ਲੋੜੀਂਦਾ ਮੁਲਜ਼ਮ ਗੈਂਗਸਟਰ ਅੰਕਿਤ ਰਾਣਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਮੁਲਜ਼ਮ ਨੂੰ ਏਜੀਟੀਐਫ ਅਤੇ ਐਸਏਐਸ ਨਗਰ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਕਾਬੂ ਕੀਤਾ ਗਿਆ ਹੈ।  ਦੱਸ ਦਈਏ ਕਿ ਗੈਂਗਸਟਰ ਅੰਕਿਤ ਰਾਣਾ ਉੱਤੇ ਹੋਰ ਵੀ ਕਈ ਮਾਮਲੇ ਦਰਜ ਹਨ ਜਿਸ ਕਰਕੇ ਪੁਲਿਸ ਨੂੰ ਇਸਦੀ ਕਾਫੀ ਲੰਬੇ ਸਮੇਂ ਤੋਂ ਭਾਲ ਸੀ। 


ਗੈਂਗਸਟਰ ਅੰਕਿਤ ਰਾਣਾ ਦੀ ਗ੍ਰਿਫਤਾਰੀ ਸਬੰਧੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਦਿੱਤੀ ਗਈ ਹੈ। ਡੀਜੀਪੀ ਗੌਰਵ ਯਾਵਦ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਬਲਟਾਣਾ ਐਨਕਾਉਂਟਰ ਮਾਮਲੇ ਵਿੱਚ ਲੋੜੀਂਦਾ ਮੁਲਜ਼ਮ ਅੰਕਿਤ ਰਾਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ਕਈ ਹੋਰ ਮਾਮਲਿਆਂ ਵਿੱਚ ਵੀ ਸ਼ਾਮਲ ਹੈ। ਫਿਲਹਾਲ ਪੁਲਿਸ ਦੀ ਟੀਮ ਉਸ ਕੋਲੋਂ ਪੁੱਛਗਿੱਛ ਕਰਕੇ ਉਸਦੇ ਹੋਰ ਸਾਥੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। 

ਡੀਜੀਪੀ ਨੇ ਦੱਸਿਆ ਕਿ ਮੁਲਜ਼ਮ ਅੰਕਿਤ ਰਾਣਾ ਪੰਜਾਬ ਅਤੇ ਹਰਿਆਣਾ ਦੇ ਫਿਰੌਤੀ ਰੈਕੇਟ ਦਾ ਮੁੱਖ ਕਿੰਗਪਿਨ ਹੈ। ਮੁਲਜ਼ਮ ਦੇ ਗ੍ਰਿਫਤ ਵਿੱਚ ਆਉਣ ਤੋਂ ਉਸਦੇ ਨੈੱਟਵਰਕ ਦਾ ਪਰਦਾਫਾਸ਼ ਜਲਦ ਕਰਨ ਦੀ ਉਮੀਦ ਜਤਾਈ ਗਈ ਹੈ। 

ਰੰਗਦਾਰੀ ਲਈ ਹੋਟਲ ਮਾਲਕ ਕੋਲ ਭੇਜੇ ਸੀ ਗੈਂਗਸਟਰ 

ਕਾਬਿਲੇਗੌਰ ਹੈ ਕਿ ਗੈਂਗਸਟਰ ਅੰਕਿਤ ਰਾਣਾ ਨੇ ਜੁਲਾਈ ਦੇ ਮਹੀਨੇ ਵਿੱਚ ਬਲਟਾਣਾ ਸਥਿਤ ਹੋਟਲ ਮਾਲਕ ਤੋਂ ਲੱਖਾਂ ਰੁਪਏ ਦੀ ਰੰਗਦਾਰੀ ਮੰਗੀ ਸੀ। ਇਹ ਰਕਮ ਨਾ ਦੇਣ ਉੱਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਗੈਂਗਸਟਰਾਂ ਤੋਂ ਪਰੇਸ਼ਾਨ ਹੋ ਕੇ ਹੋਟਲ ਮਾਲਕ ਨੇ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਸੀ ਜਿਸ ਤੋਂ ਬਾਅਦ  ਪੁਲਿਸ ਨੇ ਗੈਂਗਸਟਰਾਂ ਨੂੰ ਕਾਬੂ ਕਰਨ ਦੇ ਲਈ ਜਾਲ ਬਿਛਾਇਆ ਜਿਸ ਦੇ ਤਹਿਤ ਪੁਲਿਸ ਨੇ ਹੋਟਲ ਮਾਲਕ ਕੋਲੋਂ ਰੰਗਦਾਰੀ ਲੈਣ ਆਏ ਗੈਂਗਸਟਰ ਅੰਕਿਤ ਰਾਣਾ ਦੇ ਤਿੰਨ ਗੈਂਗਸਟਰਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਇਸ ਦੌਰਾਨ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਫਾਇਰਿੰਗ ਵੀ ਹੋਈ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਅਤੇ ਗੈਂਗਸਟਰ ਜ਼ਖਮੀ ਹੋ ਗਏ ਸੀ। 

ਇਹ ਵੀ ਪੜੋ: ਪੁਲਿਸ ਹਿਰਾਸਤ ’ਚੋਂ ਫਰਾਰ ਹੋਏ ਗੈਂਗਸਟਰ ਨਿਤਿਨ ਨੂੰ ਲੈ ਕੇ ਵੱਡਾ ਖੁਲਾਸਾ

Related Post