ਵਿਜੀਲੈਂਸ ਬਿਊਰੋ ਨੇ 26 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਚਾਰਟਡ ਅਕਾਊਂਟੈਂਟ ਨੂੰ ਕੀਤਾ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਚੰਡੀਗੜ ਵਿਖੇ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਦੇ ਨਾਂ ‘ਤੇ 26 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਲੁਧਿਆਣਾ ਦੇ ਚਾਰਟਰਡ ਅਕਾਊਂਟੈਂਟ (ਸੀ.ਏ.) ਅੰਕੁਸ਼ ਸਰੀਨ ਨੂੰ ਗ੍ਰਿਫਤਾਰ ਕੀਤਾ ਹੈ।

By  Ramandeep Kaur April 6th 2023 08:37 AM

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਚੰਡੀਗੜ ਵਿਖੇ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਦੇ ਨਾਂ ‘ਤੇ 26 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਲੁਧਿਆਣਾ ਦੇ ਚਾਰਟਰਡ ਅਕਾਊਂਟੈਂਟ (ਸੀ.ਏ.) ਅੰਕੁਸ਼ ਸਰੀਨ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਾਈਵੇਟ ਤੌਰ ‘ਤੇ ਪ੍ਰੈਕਟਿਸ ਕਰ ਰਹੇ ਉਕਤ ਸੀ.ਏ. ਵਿਰੁੱਧ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਦਰਜ ਕਰਵਾਈ ਆਨਲਾਈਨ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਸ਼ਿਕਾਇਤਕਰਤਾ ਪਰਮਿੰਦਰ ਸਿੰਘ ਸਿੱਧੂ ਵਾਸੀ ਪਿੰਡ ਮਲਸੀਆਂ, ਜ਼ਿਲਾ ਲੁਧਿਆਣਾ ਨੇ ਦੋਸ਼ ਲਾਇਆ ਹੈ ਕਿ ਉਕਤ ਸੀ.ਏ. ਨੇ ਅਮਰੀਕਾ ਵਿੱਚ ਰਹਿੰਦੇ ਉਸਦੇ ਰਿਸ਼ਤੇਦਾਰ ਨੂੰ ਆਮਦਨ ਕਰ ਰਿਟਰਨ ਦੇ ਸਬੰਧ ਵਿੱਚ ਜਾਰੀ ਕੀਤੇ ਇੱਕ ਨੋਟਿਸ ਨੂੰ ਰਫ਼ਾ-ਦਫ਼ਾ ਕਰਨ ਦੇ ਇਵਜ਼ ’ਚ ਆਮਦਨ ਕਰ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਵਜੋਂ ਦੋ ਕਿਸ਼ਤਾਂ ਵਿੱਚ 26 ਲੱਖ ਰੁਪਏ ਵਸੂਲੇ ਸਨ। 

ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਸ ਨੇ 15-01-2023 ਨੂੰ 25 ਲੱਖ ਰੁਪਏ ਨਕਦ ਉਜਤ ਸੀ.ਏ. ਨੂੰ ਉਸ ਦੀ ਰਿਹਾਇਸ਼ ‘ਤੇ ਸੌਂਪੇ ਸਨ ਅਤੇ ਵੀਡੀਓ ਵੀ ਬਣਾਈ ਸੀ। ਇਸ ਤੋਂ ਬਾਅਦ ਸੀ.ਏ. ਅੰਕੁਸ਼ ਸਰੀਨ ਨੇ 26-01-2023 ਨੂੰ ਸ਼ਿਕਾਇਤਕਰਤਾ ਤੋਂ ਆਮਦਨ ਕਰ ਵਿਭਾਗ ਦੇ ਜੂਨੀਅਰ ਅਧਿਕਾਰੀਆਂ ਲਈ 1 ਲੱਖ ਰੁਪਏ ਹੋਰ ਲੈ ਲਏ ਸਨ।

ਬੁਲਾਰੇ ਨੇ ਦੱਸਿਆ ਕਿ ਆਮਦਨ ਕਰ ਵਿਭਾਗ ਤੋਂ ਪੁੱਛਗਿੱਛ ਦੌਰਾਨ ਸ਼ਿਕਾਇਤਕਰਤਾ ਨੂੰ ਪਤਾ ਲੱਗਾ ਕਿ ਵਿਭਾਗ ਵੱਲੋਂ ਇਹ ਨੋਟਿਸ ਹਾਲੇ ਵੀ ਬਰਕਰਾਰ ਹੈ ਅਤੇ ਰੱਦ ਨਹੀਂ ਕੀਤਾ ਗਿਆ। ਇਸ ਤਰਾਂ ਸ਼ਿਕਾਇਤਕਰਤਾ ਨੂੰ ਇਹ ਪਤਾ ਲੱਗ ਗਿਆ ਕਿ ਉਕਤ ਸੀ.ਏ. ਨੇ ਆਦਮਨ ਕਰ ਅਧਿਕਾਰੀਆਂ ਦੇ ਨਾਂ ‘ਤੇ ਭਾਰੀ ਜ਼ੁਰਮਾਨਾ ਲੱਗਣ ਦਾ ਡਰਾਵਾ ਦੇ ਕੇ ਇਹ ਰਿਸ਼ਵਤ ਵਸੂਲੀ ਹੈ, ਜੋ ਉਸਨੇ ਕਿਸੇ ਨੂੰ ਵੀ ਅੱਗੇ ਨਹੀਂ ਦਿੱਤੀ। ਫਿਰ ਸਿਕਾਇਤਕਰਤਾ ਨੇ ਉਕਤ ਸੀ.ਏ. ਨੂੰ ਉਸਦੇ ਪੈਸੇ ਵਾਪਸ ਕਰਨ ਲਈ ਕਿਹਾ ਕਿਉਂਕਿ ਉਸਦਾ ਕੰਮ ਨਹੀਂ ਸੀ ਹੋਇਆ ਪਰ ਸੀ.ਏ. ਨੇ ਇਹ ਪੈਸੇ ਵਾਪਸ ਨਹੀਂ ਕੀਤੇ।

ਬੁਲਾਰੇ ਨੇ ਅੱਗੇ ਕਿਹਾ ਕਿ ਲੁਧਿਆਣਾ ਰੇਂਜ ਦੀ ਵਿਜੀਲੈਂਸ ਯੂਨਿਟ ਨੇ ਇਸ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਅਤੇ ਭਾਰੀ ਜੁਰਮਾਨੇ ਦਾ ਡਰਾਵਾ ਦੇ ਕੇ ਰਿਸ਼ਵਤ ਦੀ ਰਕਮ ਵਸੂਲਣ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਉਕਤ ਸੀ.ਏ. ਵਿਰੁੱਧ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਵਿੱਚ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: ਅਪ੍ਰੇਸ਼ਨ ਅੰਮ੍ਰਿਤਪਾਲ ਤਹਿਤ ਗ੍ਰਿਫ਼ਤਾਰ ਵਿਅਕਤੀਆਂ ਦੇ ਸਬੰਧ ਵਿੱਚ ਪਟੀਸ਼ਨ ਦਾਇਰ, ਭਲਕੇ ਹੋਵੇਗੀ ਸੁਣਵਾਈ

Related Post