ਪਟਿਆਲਾ ਕੇਂਦਰੀ ਜੇਲ੍ਹ 'ਚੋਂ 19 ਮੋਬਾਈਲ ਬਰਾਮਦ, ਜੇਲ੍ਹ ਮੰਤਰੀ ਨੇ ਆਪ ਟਵੀਟ ਕਰ ਦਿੱਤੀ ਜਾਣਕਾਰੀ

By  Jasmeet Singh August 7th 2022 04:59 PM

ਪਟਿਆਲਾ, 7 ਅਗਸਤ: ਕੇਂਦਰੀ ਜੇਲ੍ਹ 'ਚ ਅਧਿਕਾਰੀਆਂ ਨੇ ਅੱਜ ਸਵੇਰੇ ਲਗਾਤਾਰ 3 ਘੰਟੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ, ਜਿਸ ਵਿੱਚ ਉਨ੍ਹਾਂ ਨੂੰ ਕਈ ਫ਼ੋਨ ਬਰਾਮਦ ਹੋਏ। ਇਨ੍ਹਾਂ ਮੋਬਾਈਲ ਫੋਨਾਂ ਨੂੰ ਜੇਲ੍ਹ ਦੀ ਬੈਰਕ ਵਿਚ ਫਰਸ਼ ਅਤੇ ਕੰਧ 'ਚ ਛੇਕ ਬਣਾ ਕੇ ਲੁਕਾਇਆ ਗਿਆ ਸੀ। ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਦੱਸਿਆ ਕਿ ਖਾਸ ਗੱਲ ਇਹ ਰਹੀ ਕਿ ਸਾਰੇ ਮੋਬਾਈਲ ਫ਼ੋਨ ਕੀਪੈਡ ਵਾਲੇ ਹਨ। ਜਾਨੀ ਬਰਾਮਦ ਹੋਏ ਫੋਨਾਂ 'ਚ ਇੱਕ ਵੀ ਸਮਾਰਟ ਫ਼ੋਨ ਸ਼ਾਮਲ ਨਹੀਂ ਹੈ।

ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਬਰਾਮਦਗੀ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਹੁਣ ਇਹ ਪਤਾ ਲਗਾਇਆ ਜਾਵੇਗਾ ਕਿ ਇਨ੍ਹਾਂ ਮੋਬਾਈਲਾਂ ਦੀ ਵਰਤੋਂ ਕੌਣ ਕਰ ਰਿਹਾ ਸੀ ਤੇ ਕਿੱਥੇ ਅਤੇ ਕਿਸ ਨਾਲ ਗੱਲਬਾਤ ਕੀਤੀ ਜਾ ਰਹੀ ਸੀ। ਇਸ ਦੀ ਪੁਸ਼ਟੀ ਕਰਦਿਆਂ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਕੇ ਦੱਸਿਆ ਕਿ ਜੇਲ੍ਹਾਂ ਨੂੰ ਨਸ਼ਾ ਮੁਕਤ ਬਣਾਉਣ ਲਈ ਇਹ ਚੈਕਿੰਗ ਮੁਹਿੰਮ ਵਿੱਢੀ ਗਈ ਹੈ।

ਦੱਸ ਦੇਈਏ ਕਿ ਪੰਜਾਬ ਕਾਂਗਰਸ ਦੇ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਅਤੇ ਪੰਜਾਬੀ ਗਾਇਕ ਦਲੇਰ ਮਹਿੰਦੀ ਵੀ ਇਸ ਜੇਲ੍ਹ ਵਿੱਚ ਹੀ ਬੰਦ ਹਨ। ਜਿੱਥੇ ਨਵਜੋਤ ਸਿੱਧੂ ਪਟਿਆਲਾ ਕੇਂਦਰੀ ਜੇਲ੍ਹ 'ਚ ਰੋਡ ਰੇਜ ਮਾਮਲੇ 'ਚ ਇਕ ਸਾਲ ਦੀ ਸਜ਼ਾ ਕੱਟ ਰਹੇ ਹਨ। ਉੱਥੇ ਹੀ ਪੰਜਾਬੀ ਪੌਪ ਗਾਇਕ ਦਲੇਰ ਮਹਿੰਦੀ ਨੂੰ ਮਨੁੱਖੀ ਤਸਕਰੀ ਦੇ ਮਾਮਲੇ 'ਚ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਮੋਬਾਈਲ ਇਸ ਤਰੀਕੇ ਨਾਲ ਕੰਧ ਅਤੇ ਫਰਸ਼ 'ਚ ਬਰਾਬਰ ਜਗ੍ਹਾ ਬਣਾ ਕੇ ਲੁਕਾਏ ਗਏ ਸਨ ਕਿ ਇਨ੍ਹਾਂ ਦੀ ਬਰਾਮਦਗੀ ਨਾਮੁਮਕਿਨ ਲਗਦੀ ਸੀ, ਪਰ ਇਥੇ ਜ਼ਿਕਰਯੋਗ ਹੈ ਕਿ ਜੇਲ੍ਹ ਪ੍ਰਸ਼ਾਸਨ ਨੇ ਕਾਬਿਲ-ਏ-ਤਾਰੀਫ਼ ਕੰਮ ਕੀਤਾ ਹੈ। ਇਹ ਵੀ ਦੱਸਣਯੋਗ ਹੈ ਕਿ ਇਥੇ 4 ਦਿਨ ਪਹਿਲਾਂ ਹੀ ਝੜਪ ਦੀਆਂ ਖ਼ਬਰਾਂ ਵੀ ਸਾਮਣੇ ਆਈਆਂ ਸਨ। 4 ਦਿਨ ਪਹਿਲਾਂ ਪਟਿਆਲਾ ਜੇਲ੍ਹ 'ਚ ਕੈਦੀਆਂ ਵਿਚਾਲੇ ਹਿੰਸਕ ਝੜਪ ਹੋਈ ਸੀ। ਜਿਸ ਵਿੱਚ ਇੱਕ ਬਲਜਿੰਦਰ ਨਾਂਅ ਦਾ ਕੈਦੀ ਜ਼ਖ਼ਮੀ ਹੋ ਗਿਆ ਸੀ।

ਸੂਤਰਾਂ ਮੁਤਾਬਕ ਲਾਰੈਂਸ 'ਤੇ ਹਮਲਾ ਕਰਨ ਵਾਲੇ ਵਿਅਕਤੀ ਗੈਂਗ ਦੇ ਸਰਗਣੇ ਸਨ। ਜ਼ਖ਼ਮੀ ਕੈਦੀ ਦਾ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਹਾਲਾਂਕਿ ਜੇਲ੍ਹ ਪ੍ਰਸ਼ਾਸਨ ਨੇ ਇਸ ਬਾਰੇ ਕੋਈ ਰਸਮੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

- ਰਿਪੋਰਟਰ ਗਗਨਦੀਪ ਸਿੰਘ ਅਹੂਜਾ ਦੇ ਸਹਯੋਗ ਨਾਲ

-PTC News

Related Post