ਸਿੱਧੂ ਵੱਲੋਂ ਕੀਤੇ ਇਕਬਾਲ-ਏ-ਕਤਲ ਉੱਤੇ ਕਾਂਗਰਸ ਅਤੇ 'ਆਪ' ਦੀ ਚੁੱਪੀ ਨਿੰਦਣਯੋਗ: ਅਕਾਲੀ ਦਲ

By  Joshi April 7th 2018 04:08 PM

1988 road rage case: Navjot Sidhu admitted role in death on TV show

ਕਿਹਾ ਕਿ ਇੱਕ ਕਾਤਿਲ 'ਕਾਨੂੰਨਦਾਨ' ਦੀ ਕੁਰਸੀ ਉੱਤੇ ਨਹੀਂ ਬੈਠਾ ਹੋਣਾ ਚਾਹੀਦਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਇਕਬਾਲ-ਏ-ਕਤਲ ਸੰਬੰਧੀ ਉੱਠੇ ਵਿਵਾਦ ਉੱਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਧਾਰੀ ਸੋਚੀ-ਸਮਝੀ ਚੁੱਪੀ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਇੱਕ 'ਕਾਤਲ' ਨੂੰ 'ਕਾਨੂੰਨਦਾਨ' ਦੀ ਕੁਰਸੀ ਉੱਤੇ ਬਿਠਾ ਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਨਵਜੋਤ ਸਿੱਧੂ ਨੂੰ ਤੁਰੰਤ ਮੰਤਰੀ ਮੰਡਲ 'ਚੋਂ ਬਰਖਾਸਤ ਕੀਤਾ ਜਾਵੇ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਆਗੂਆਂ ਲੋਕ ਸਭਾ ਮੈਂਬਰ ਸਰਦਾਰ ਬਲਵਿੰਦਰ ਸਿੰਘ ਭੂੰਦੜ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਸਰਦਾਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਖਾਸ ਕਰਕੇ ਰਾਹੁਲ ਗਾਂਧੀ ਜਨਤਕ ਜੀਵਨ ਵਿਚ ਨੈਤਿਕਤਾ ਅਤੇ ਅਸੂਲਾਂ ਦੀਆਂ ਗੱਲਾਂ ਕਰਨ ਦੇ ਬਹੁਤ ਸ਼ੌਕੀਨ ਹਨ। ਕੀ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਨੂੰ ਦੱਸਣਗੇ ਕਿ ਉਹ ਸਿੱਧੂ ਖ਼ਿਲਾਫ ਕਾਰਵਾਈ ਕਿਉਂ ਨਹੀਂ ਕਰ ਰਹੇ ਹਨ? ਉਹਨਾਂ ਕਿਹਾ ਕਿ ਕੀ ਰਾਹੁਲ ਗਾਂਧੀ ਇੱਕ 'ਕਾਤਿਲ' ਨੂੰ 'ਕਾਨੂੰਨਦਾਨ' ਦੀ ਕੁਰਸੀ ਉੱਤੇ ਬਿਠਾਈ ਰੱਖਣ ਦੇ ਹੱਕ ਵਿਚ ਹਨ? ਕੀ ਉਹ ਰਾਜਨੀਤੀ ਅੰਦਰ ਅਜਿਹੀਆਂ ਨਵੀਆਂ ਪਿਰਤਾਂ ਪਾਉਣੀਆਂ ਚਾਹੁੰਦੇ ਹਨ, ਜਿਹਨਾਂ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਦਾਅ ਉੱਤੇ ਲੱਗਣ? ਕੈਪਟਨ ਵੀ ਅਕਸਰ ਸਾਫ ਸੁਥਰੀ ਰਾਜਨੀਤੀ ਦੀਆਂ ਕਰਦੇ ਹਨ। ਕੀ ਉਹ ਪੰਜਾਬੀਆਂ ਨੂੰ ਦੱਸਣਗੇ ਕਿ ਉਹਨਾਂ ਨੇ ਮੰਤਰੀ ਮੰਡਲ ਵਿਚ ਸਿੱਧੂ ਵਰਗੇ 'ਦਾਗੀ' ਨੂੰ ਕਿਉਂ ਬਿਠਾ ਰੱਖਿਆ ਹੈ? ਉਹ ਸਿੱਧੂ ਨੂੰ ਕੈਬਨਿਟ ਵਿਚੋਂ ਬਾਹਰ ਕਿਉਂ ਨਹੀਂ ਕਰਦੇ?

ਆਮ ਆਦਮੀ ਪਾਰਟੀ ਵੱਲੋਂ ਸਿੱਧੂ ਕਾਂਡ ਉੱਤੇ ਧਾਰੀ ਚੁੱਪੀ ਨੂੰ ਇੱਕ ਗਹਿਰੀ ਚਾਲ ਕਰਾਰ ਦਿੰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਅਤੇ ਲੋਕ ਇਨਸਾਫ ਪਾਰਟੀ ਦੇ ਦੋਵੇਂ ਬੈਂਸ ਭਰਾ ਨਵਜੋਤ ਸਿੱਧੂ ਦੇ ਖ਼ਿਲਾਫ ਇਸ ਲਈ ਜ਼ੁਬਾਨ ਨਹੀਂ ਖੋਲ੍ਹ ਰਹੇ,ਕਿਉਂਕਿ ਉਹ ਸਿੱਧੂ ਨੂੰ ਆਪਣੇ 'ਸੰਭਾਵੀ ਗਠਜੋੜ' ਦੇ ਭਾਈਵਾਲ ਵਜੋਂ ਵੇਖਦੇ ਹਨ। ਉਹਨਾਂ ਕਿਹਾ ਕਿ ਸੁਖਪਾਲ ਖਹਿਰਾ 'ਆਪ' ਨੂੰ ਤੋੜਣਾ ਚਾਹੁੰਦਾ ਹੈ। ਉਹ ਬੈਂਸ ਭਰਾਵਾਂ ਅਤੇ ਸਿੱਧੂ ਨਾਲ ਰਲ ਕੇ ਇੱਕ 'ਸਾਂਝਾ ਮੁਹਾਜ'æ ਬਣਾਉਣ ਦੀ ਯੋਜਨਾ ਬਣਾਈ ਬੈਠਾ ਹੈ। ਬੈਂਸ ਭਰਾਵਾਂ ਨੂੰ ਵੀ ਇਸੇ ਕਰਕੇ ਸਿੱਧੂ ਦਾ ਅਪਰਾਧ ਨਜ਼ਰ ਨਹੀਂ ਆ ਰਿਹਾ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਇਹਨਾਂ ਤਿੰਨਾਂ ਨੇ ਰਲ ਕੇ 'ਸਿਆਸੀ ਖਿਚੜੀ' ਪਕਾਉਣ ਦੀ ਸਕੀਮ ਬਣਾਈ ਸੀ, ਜੋ ਕਿ ਆਖਰੀ ਮੌਕੇ ਉੱਤੇ ਸਿੱਧੂ ਵੱਲੋਂ ਕਾਂਗਰਸ ਦੀ ਕਿਸ਼ਤੀ ਵਿਚ ਛਾਲ ਮਾਰ ਜਾਣ ਕਰਕੇ ਧਰੀ ਧਰਾਈ ਰਹਿ ਗਈ ਸੀ। ਹੁਣ ਇਹ ਤਿੰਨੇ 2019 ਦੀਆਂ ਚੋਣਾਂ ਇੱਕ 'ਸਾਂਝੀ ਸਿਆਸੀ ਧਿਰ' ਵਜੋਂ ਲੜਣ ਦੀ ਯੋਜਨਾ ਬਣਾ ਰਹੇ ਹਨ।

ਸਿੱਧੂ ਵੱਲੋਂ ਜਨਤਕ ਤੌਰ ਤੇ ਕੀਤੇ ਇਕਬਾਲ-ਏ-ਕਤਲ ਬਾਰੇ ਟਿੱਪਣੀ ਕਰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ 2010 ਵਿਚ ਰਿਕਾਰਡ ਕੀਤੀ ਸਿੱਧੂ ਦੀ ਇੰਟਰਵਿਊ ਵਾਲੀ ਟੇਪ ਸਾਹਮਣੇ ਆਉਣ ਨਾਲ ਸਾਰੀ ਗੱਲ ਖੁੱਲ੍ਹ ਕੇ ਬਾਹਰ ਆ ਗਈ ਹੈ। ਉਹਨਾਂ ਕਿਹਾ ਕਿ ਹੁਣ ਇਸ ਵਿਚ ਕੋਈ ਸ਼ੱਕ ਨਹੀਂ ਰਿਹਾ ਕਿ ਨਵਜੋਤ ਸਿੱਧੂ 1988 ਵਿਚ ਪਟਿਆਲਾ ਵਿਖੇ ਗੁਰਨਾਮ ਸਿੰਘ ਨਾਲ ਘਸੁੰਨਮੁੱਕੀ ਹੋਇਆ ਸੀ। ਉਹ ਇਹ ਵੀ ਕਬੂਲ ਕਰ ਚੁੱਕਿਆ ਹੈ ਕਿ ਉਸ ਵੱਲੋਂ ਕੁੱਟਣ ਕਰਕੇ ਪੀੜਤ ਦੀ ਮੌਤ ਹੋ ਗਈ ਸੀ।

ਉਹਨਾਂ ਕਿਹਾ ਕਿ ਨਵਜੋਤ ਸਿੱਧੂ ਵੱਲੋਂ ਅਦਾਲਤ ਤੋਂ ਬਾਹਰ ਕੀਤਾ ਗਿਆ ਇਕਬਾਲ ਗੁਰਨਾਮ ਸਿੰਘ ਦੀ ਮੌਤ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਉੱਤੇ ਪਾਉਂਦਾ ਹੈ। ਉਹਨਾਂ ਕਿਹਾ ਕਿ ਸਿੱਧੂ ਤਾਂ ਇੱਥੋਂ ਤਕ ਸਵੀਕਾਰ ਕਰ ਚੁੱਕਿਆ ਹੈ ਕਿ ਉਹ ਕੋਈ ਗੌਤਮ ਬੁੱਧ ਨਹੀਂ ਹੈ ਅਤੇ ਗੁੱਸਾ ਦਿਵਾਉਣ ਉੱਤੇ ਉਹ ਸਾਹਮਣੇ ਵਾਲੇ ਦੇ ਅੱਗੇ ਆਪਣੀ ਦੂਜੀ ਗੱਲ ਨਹੀਂ ਪੇਸ਼ ਕਰ ਸਕਦਾ। ਉਸ ਨੇ ਘਟਨਾ ਵਾਲੀ ਥਾਂ ਉੱਤੇ ਆਪਣੀ ਮੌਜੂਦਗੀ ਤੋਂ ਇਲਾਵਾ, ਉਸ ਹਿੰਸਾ ਵਿਚ ਸ਼ਮੂਲੀਅਤ ਵੀ ਸਵੀਕਾਰ ਕੀਤੀ ਹੈ, ਜਿਸ ਨਾਲ ਇੱਕ ਨਿਰਦੋਸ਼ ਵਿਅਕਤੀ ਦੀ ਜਾਨ ਗਈ ਸੀ।

—PTC News

Related Post