ਝੂਠੇ ਪੁਲਿਸ ਮੁਕਾਬਲੇ ਲਈ ਪੰਜਾਬ ਪੁਲਿਸ ਦੇ 2 ਸਾਬਕਾ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ

By  Jasmeet Singh August 25th 2022 08:52 PM -- Updated: August 25th 2022 10:15 PM

ਮੁਹਾਲੀ, 25 ਅਗਸਤ: ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਵੀਰਵਾਰ ਨੂੰ ਪੰਜਾਬ ਪੁਲਿਸ ਦੇ 2 ਸਾਬਕਾ ਅਧਿਕਾਰੀਆਂ ਨੂੰ 30 ਸਾਲ ਪੁਰਾਣੇ ਝੂਠੇ ਮੁਕਾਬਲੇ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਿਸ ਵਿੱਚ ਅੰਮ੍ਰਿਤਸਰ ਜ਼ਿਲ੍ਹੇ 'ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ।

ਝੂਠੇ ਮੁਕਾਬਲੇ ਵਿੱਚ ਜਿਨ੍ਹਾਂ ਨੇ ਜਾਨਾਂ ਗਵਾਈਆਂ ਸਨ ਉਨ੍ਹਾਂ ਦੀ ਪਛਾਣ ਸਾਹਿਬ ਸਿੰਘ, ਦਲਬੀਰ ਸਿੰਘ, ਬਲਵਿੰਦਰ ਸਿੰਘ ਸਮੇਤ ਇੱਕ ਅਣਪਛਾਤੇ ਵਿਅਕਤੀ ਵਜੋਂ ਹੋਈ ਸੀ। ਇਨ੍ਹਾਂ ਚਾਰਾਂ ਦਾ 13 ਸਤੰਬਰ 1992 ਦੀ ਰਾਤ ਨੂੰ ਮਹਿਤਾ ਪੁਲਿਸ ਸਟੇਸ਼ਨ ਦੀ ਹੱਦ ਅਧੀਨ ਪੈਂਦੇ ਪਿੰਡ ਧਾਰ-ਦੇਉ ਵਿਖੇ ਇੰਸਪੈਕਟਰ ਰਜਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਅਤੇ 20 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੇ ਕਤਲ ਕਰ ਦਿੱਤਾ ਸੀ।

ਕੇਂਦਰੀ ਜਾਂਚ ਬਿਊਰੋ ਦੇ ਵਿਸ਼ੇਸ਼ ਜੱਜ ਰਾਕੇਸ਼ ਕੁਮਾਰ ਦੀ ਅਦਾਲਤ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਸੀਆਈਏ ਮਜੀਠਾ ਵਿੱਚ ਤਾਇਨਾਤ ਸਾਬਕਾ ਸਬ-ਇੰਸਪੈਕਟਰ ਤਰਸੇਮ ਲਾਲ ਅਤੇ ਇੰਸਪੈਕਟਰ ਕਿਸ਼ਨ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਦੋਵੇਂ ਸਾਬਕਾ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ) ਦੇ ਤਹਿਤ ਉਮਰ ਕੈਦ ਦੀ ਸਜ਼ਾ ਅਤੇ 2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।

ਹੈੱਡ ਕਾਂਸਟੇਬਲ ਵਿਜੇ ਕੁਮਾਰ ਅਤੇ ਕਾਂਸਟੇਬਲ ਭਗਵੰਤ ਸਿੰਘ ਰਾਹੀਂ ਮੈਡੀਕਲ ਕਾਲਜ ਤੋਂ ਪੋਸਟਮਾਰਟਮ ਤੋਂ ਬਾਅਦ ਚਾਰਾਂ ਵਿਅਕਤੀਆਂ ਦੀਆਂ ਲਾਸ਼ਾਂ ਦਾ ਗੈਰ-ਕਾਨੂੰਨੀ ਤੌਰ 'ਤੇ ਦੁਰਗਿਆਣਾ ਮੰਦਰ ਸ਼ਮਸ਼ਾਨਘਾਟ, ਅੰਮ੍ਰਿਤਸਰ ਵਿਖੇ ਅਣਪਛਾਤੇ ਵਜੋਂ ਸਸਕਾਰ ਵੀ ਕਰ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਇੰਸਪੈਕਟਰ ਰਾਜਿੰਦਰ ਸਿੰਘ ਦੀ ਮੁਕੱਦਮੇ ਦੌਰਾਨ ਮੌਤ ਹੋ ਚੁੱਕੀ ਹੈ।

-PTC News

Related Post