ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਨਿੱਜੀ ਸਹਾਇਕ,ਚਾਚੀ ਅਤੇ ਇੱਕ ਅੰਮ੍ਰਿਤਸਰ ਵਾਸੀ ਦੀ ਰਿਪੋਰਟ ਵੀ ਪਾਜ਼ੀਟਿਵ

By  Shanker Badra April 3rd 2020 06:40 PM -- Updated: April 3rd 2020 06:52 PM

ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਨਿੱਜੀ ਸਹਾਇਕ,ਚਾਚੀ ਅਤੇ ਇੱਕ ਅੰਮ੍ਰਿਤਸਰ ਵਾਸੀ ਦੀ ਰਿਪੋਰਟ ਵੀ ਪਾਜ਼ੀਟਿਵ:ਅੰਮ੍ਰਿਤਸਰ : ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਲਏ ਸੈਂਪਲਾਂ 'ਚੋਂ ਤਿੰਨ ਹੋਰ ਕੇਸ ਕੋਰੋਨਾ ਵਾਇਰਸ ਨਾਲ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ 'ਚ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਨਿਊਯਾਰਕ ਤੋਂ ਆਈ ਚਾਚੀ, ਭਾਈ ਖ਼ਾਲਸਾ ਦੇ ਨਿੱਜੀ ਸਹਾਇਕ ਦਰਸ਼ਨ ਸਿੰਘ ਅਤੇ ਅੰਮ੍ਰਿਤਸਰ ਵਾਸੀ ਬਲਬੀਰ ਸਿੰਘ ਦਾ ਟੈਸਟ ਪਾਜ਼ੀਟਿਵ ਆਇਆ ਹੈ।

ਇਸ ਦੇ ਨਾਲ ਹੀ ਬਾਕੀ 14 ਪਰਿਵਾਰਕ ਮੈਂਬਰਾਂ ਜਿਨ੍ਹਾਂ 'ਚ ਉਨ੍ਹਾਂ ਦੀ ਧਰਮ ਪਤਨੀ ਤੇ ਪੁੱਤਰ ਧੀਆਂ ਸ਼ਾਮਿਲ ਹਨ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਇਸ ਦੀ ਪੁਸ਼ਟੀ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਮਨ ਸ਼ਰਮਾ ਨੇ ਕੀਤੀ ਹੈ। ਜਿਸ ਤੋਂ ਬਾਅਦ ਦਰਸ਼ਨ ਸਿੰਘ ਖ਼ਾਲਸਾ ਦੇ ਪਰਿਵਾਰ ਨੂੰ ਆਈਸੋਲੇਸ਼ਨ ਵਾਰਡ 'ਚ ਲਿਜਾਇਆ ਗਿਆ ਹੈ।

ਦੱਸਣਯੋਗ ਹੈ ਕਿ ਭਾਈ ਨਿਰਮਲ ਸਿੰਘ ਖਾਲਸਾ ਨੂੰ ਪਿਛਲੇ ਦਿਨੀਂ 'ਕੋਰੋਨਾ' ਵਾਇਰਸ ਹੋਣ ਦਾ ਸ਼ੱਕ ਜ਼ਾਹਰ ਹੋਇਆ ਸੀ। ਜਿਸ 'ਤੇ ਉਨ੍ਹਾਂ ਨੇ ਖੁਦ ਹੀ ਗੁਰੂ ਨਾਨਕ ਹਸਪਤਾਲ ਵਿਖੇ ਜਾ ਕੇ ਜਾਂਚ ਕਰਵਾਈ ਸੀ ਪਰ ਉਸ ਸਮੇਂ ਡਾਕਟਰਾਂ ਵੱਲੋਂ ਇਹ ਕਹਿ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ ਕਿ ਉਨ੍ਹਾਂ ਨੂੰ ਨਾਰਮਲ ਫਲੂ ਦੇ ਲੱਛਣ ਹੀ ਹਨ। ਜਿਸ ਤੋਂ ਬਾਅਦ ਉਨ੍ਹਾਂ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਵੀਰਵਾਰ ਸਵੇਰੇ ਸਾਢੇ ਚਾਰ ਵਜੇ ਮੌਤ ਹੋ ਚੁੱਕੀ ਹੈ।

ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 53 ਕੇਸ ਪਾਜ਼ੀਟਿਵ ਪਾਏ ਹਨ। ਇਨ੍ਹਾਂ ‘ਚ ਨਵਾਂਸ਼ਹਿਰ -19, ਮੋਹਾਲੀ -12, ਹੁਸ਼ਿਆਰਪੁਰ -7, ਜਲੰਧਰ – 5,ਅੰਮ੍ਰਿਤਸਰ -5 ,ਲੁਧਿਆਣਾ -4 ਅਤੇ ਪਟਿਆਲਾ -1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਸ਼ਿਆਰਪੁਰ ਦਾ ਇੱਕ ਮਰੀਜ਼ ਠੀਕ ਹੋ ਗਿਆ ਹੈ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 5 ਮੌਤਾਂ ਹੋ ਚੁੱਕੀਆਂ ਹਨ,ਜਿਨ੍ਹਾਂ ਵਿਚੋਂ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਵੀਰਵਾਰ ਸਵੇਰੇ ਅੰਮ੍ਰਿਤਸਰ ਦੇ ਹਸਪਤਾਲ ਵਿਚ ਮੌਤ ਹੋ ਗਈ ਹੈ।

-PTCNews

Related Post