ਗੁਰਦਾਸਪੁਰ ਦੇ ਬਟਾਲਾ 'ਚ 4 ਗਰਭਵਤੀ ਔਰਤਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

By  Shanker Badra May 22nd 2020 12:28 PM

ਗੁਰਦਾਸਪੁਰ ਦੇ ਬਟਾਲਾ 'ਚ 4 ਗਰਭਵਤੀ ਔਰਤਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ: ਬਟਾਲਾ : ਗੁਰਦਾਸਪੁਰ ਦੀ ਤਹਿਸੀਲ ਬਟਾਲਾ ਵਿੱਚ 4 ਗਰਭਵਤੀ ਔਰਤਾਂ ਦੇ ਇਕੋ ਦਿਨ ਕੋਰੋਨਾ ਪਾਜ਼ੀਟਿਵ ਹੋਣ ਨਾਲ ਲੋਕਾਂ ਵਿਚ ਦਹਿਸ਼ਤ ਪੈਦਾ ਹੋ ਗਈ ਹੈ। ਇਨ੍ਹਾਂ 4 ਪਾਜੀਟਿਵ ਕੇਸਾਂ ਤੋਂ ਇਲਾਵਾ 7 ਹੋਰ ਕੇਸ ਆਏ ਹਨ। ਇਹ ਚਾਰ ਗਰਭਵਤੀ ਔਰਤਾਂ ਬਟਾਲਾ ਦੇ ਆਸ-ਪਾਸ ਦੇ ਵੱਖ-ਵੱਖ ਪਿੰਡਾਂ ਦੀਆਂ ਦੱਸੀਆਂ ਜਾ ਰਹੀਆਂ ਹਨ ਪਰ ਇਨ੍ਹਾਂ ਵਿੱਚ ਕੋਰੋਨਾ ਵਾਇਰਸ ਦੇ ਕੋਈ ਲੱਛਣ ਨਹੀਂ ਹਨ।

ਇਨ੍ਹਾਂ ਚਾਰਾਂ ਦੇ ਸੰਪਰਕ ਲੱਭਣ ਦੀ ਮੁਹਿੰਮ ਜਾਰੀ ਹੈ ਅਤੇ ਇਸ ਗੱਲ ਦੀ ਵੀ ਭਾਲ ਕੀਤੀ ਜਾ ਰਹੀ ਚਾਰਾਂ ਨੇ ਕਿਸੇ ਇਕ ਹੀ ਡਾਕਟਰ, ਕਲੀਨਿਕ ਜਾਂ ਹਸਪਤਾਲ ਤੋਂ ਕੋਈ ਸਿਹਤ ਸੇਵਾਵਾਂ ਤਾਂ ਪ੍ਰਾਪਤ ਨਹੀਂ ਕੀਤੀਆਂ ਜਾਂ ਫਿਰ ਕਿਤੋਂ ਇਕੋ ਹੀ ਥਾਂ ਤੋਂ ਦਵਾਈ ਤਾਂ ਨਹੀਂ ਲਈ। ਇਸ ਦੀ ਪੜਤਾਲ ਕੀਤੀ ਜਾ ਰਹੀ ਹੈ। ਇਨ੍ਹਾਂ ਪੀੜਤ ਮਹਿਲਾਵਾਂ ਵਿਚ ਇਕ ਮਹਿਲਾ ਬਸੰਤ ਨਗਰ ਬਟਾਲਾ, ਦੂਸਰੀ ਕਾਦੀਆਂ ਦੇ ਪਿੰਡ ਡਾਲਾ, ਤੀਸਰੀ ਢਡਿਆਲਾ ਨਜ਼ਾਰਾ ਅਤੇ ਚੌਥੀ ਧੰਦੋਈ ਪਿੰਡ ਦੀ ਵਸਨੀਕ ਹੈ।

ਇਸ ਬਾਰੇ ਜਾਣਕਾਰੀ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ. ਸੰਜੀਵ ਭੱਲਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦਾਖਲ ਕਰ ਲਿਆ ਗਿਆ ਹੈ, ਜੋ-ਜੋ ਵੀ ਉਨ੍ਹਾਂ ਦੇ ਸੰਪਰਕ 'ਚ ਆਇਆ ਹੋਵੇਗਾ, ਉਨ੍ਹਾਂ ਦੇ ਸੈਂਪਲ ਲਏ ਜਾਣਗੇ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਸਿਵਲ ਸਰਜਨ ਗੁਰਦਾਸਪੁਰ ਡਾਕਟਰ ਕਿਸ਼ਨ ਚੰਦ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇੰਨਾਂ ਮਹਿਲਾਵਾਂ ਦੇ 19 ਮਈ ਨੂੰ ਪੂਲ ਟੈਸਟ ਕੀਤੇ ਗਏ ਸਨ,ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ।

-PTCNews

Related Post