ਕਪੂਰਥਲਾ 'ਚ 50 ਸਾਲਾ ਵਿਅਕਤੀ ਨੇ ਤੋੜਿਆ ਦਮ, ਮਰਨ ਤੋਂ ਬਾਅਦ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

By  Shanker Badra May 18th 2020 04:52 PM

ਕਪੂਰਥਲਾ 'ਚ 50 ਸਾਲਾ ਵਿਅਕਤੀ ਨੇ ਤੋੜਿਆ ਦਮ, ਮਰਨ ਤੋਂ ਬਾਅਦ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ:ਕਪੂਰਥਲਾ : ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰੋਜ਼ਾਨਾ ਕਈ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਕੋਰੋਨਾ ਕਾਰਨ ਸੂਬੇ ਵਿਚ ਇਕ ਹੋਰ ਜਾਨ ਚਲੀ ਗਈ ਹੈ, ਜਿਸ ਨਾਲ ਕੋਰੋਨਾ ਨਾਲ ਸੂਬੇ ਵਿਚ ਮੌਤਾਂ ਦੀ ਗਿਣਤੀ 37 ਹੋ ਗਈ ਹੈ। ਕਪੂਰਥਲਾ ਦੇ ਹਲਕਾ ਭੁਲੱਥ ਦੇ 50 ਸਾਲਾ ਵਿਅਕਤੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ।

ਜਾਣਕਾਰੀ ਅਨੁਸਾਰ ਭੁਲੱਥ ਦੇ ਪਿੰਡ ਬਾਗੜੀਆਂ ਦਾ 50 ਸਾਲਾ ਵਿਅਕਤੀ ਸੋਢੀ ਰਾਮ ਪਿਛਲੇ ਕਾਫੀ ਸਮੇਂ ਤੋਂ ਅਧਰੰਗ ਦਾ ਮਰੀਜ਼ ਸੀ। ਜਿਸ ਨੂੰ ਸਿਹਤ ਵਿਗੜਨ ਕਰਕੇ ਬੀਤੇ ਦਿਨ ਸ਼ਨੀਵਾਰ ਨੂੰ ਜਲੰਧਰ ਦੇ ਪ੍ਰਾਈਵੇਟ ਹਸਪਤਾਲ 'ਚ ਲਿਜਾਇਆ ਗਿਆ ,ਉਥੇ ਇਲਾਜ ਦੌਰਾਨ ਸ਼ਨੀਵਾਰ ਰਾਤ ਨੂੰ ਹੀ ਉਸ ਦੀ ਮੌਤ ਹੋ ਗਈ ਸੀ।

ਡਾਕਟਰਾਂ ਨੇ ਉਸਦੇ ਕਰੋਨਾ ਸੰਬੰਧੀ ਟੈਸਟ ਲੈ ਲਏ ਸਨ। ਉਸਦੀ ਲਾਸ਼ ਨੂੰ ਮੋਰਚਰੀ ਵਿੱਚ ਰਖਵਾ ਦਿੱਤਾ ਸੀ। ਸੋਮਵਾਰ ਨੂੰ ਉਸਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਦੱਸਣਯੋਗ ਹੈ ਕਿ ਕਪੂਰਥਲਾ ਵਿਚ ਇਹ ਕੋਰੋਨਾ ਵਾਇਰਸ ਨਾਲ ਤੀਜੀ ਮੌਤ ਹੈ।  ਇਸ ਤੋਂ ਪਹਿਲਾਂ ਅੱਜ ਅੰਮ੍ਰਿਤਸਰ ਦੇ ਹਸਪਤਾਲ ਵਿਚ ਪਠਾਨਕੋਟ ਦੇ 35 ਸਾਲਾ ਵਿਅਕਤੀ ਦੀ ਵੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ।

ਸਿਵਲ ਸਰਜਨ ਕਪੂਰਥਲਾ ਡਾ. ਜਸਮੀਤ ਕੌਰ ਬਾਵਾ ਨੇ ਮ੍ਰਿਤਕ ਵਿਅਕਤੀ ਦੀ ਕੋਰੋਨਾ ਰਿਪੋਰਟ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕ ਵਿਅਕਤੀ ਦਾ ਸੰਸਕਾਰ ਮੈਡੀਕਲ ਟੀਮ ਵੱਲੋਂ ਉਸ ਦੇ ਪਿੰਡ 'ਚ ਅੱਜ ਕੀਤਾ ਜਾਵੇਗਾ। ਪਰਿਵਾਰਕ ਮੈਂਬਰਾਂ ਨੂੰ ਇੱਛਾ ਅਨੁਸਾਰ ਅੰਤਿਮ ਸੰਸਕਾਰ 'ਚ ਸ਼ਾਮਲ ਕੀਤਾ ਜਾਵੇਗਾ। ਪੰਜਾਬ ਵਿੱਚ ਹੁਣ ਤੱਕ ਕਰੋਨਾ ਨਾਲ 37 ਮੌਤਾਂ ਹੋ ਚੁੱਕੀਆਂ ਹਨ।

-PTCNews

Related Post