ਇਨਸਾਨੀਅਤ ਮੁੜ ਸ਼ਰਮਸਾਰ ! ਲਾਵਾਰਿਸ ਮਿਲਿਆ ਨਵਜਾਤ ਬੱਚੇ ਦਾ ਭਰੂਣ

By  Panesar Harinder May 1st 2020 04:17 PM

ਫ਼ਰੀਦਕੋਟ - ਇੱਕ ਪਾਸੇ ਆਈਵੀਐਫ਼ ਸੈਂਟਰਾਂ ਤੇ ਇੱਥੇ ਵਧਦੀ ਭੀੜ ਔਲਾਦ ਨੂੰ ਤਰਸਦੇ ਲੋਕਾਂ ਦੀ ਵਧਦੀ ਗਿਣਤੀ ਦੀ ਤਸਦੀਕ ਕਰਦੀ ਹੈ, ਅਤੇ ਦੂਜੇ ਪਾਸੇ ਨਵਜੰਮੇ ਬੱਚਿਆਂ ਦਾ ਸੁੱਟੇ ਹੋਏ ਮਿਲਣਾ ਨੈਤਿਕਤਾ ਤੇ ਇਨਸਾਨੀਅਤ ਦੇ ਅੰਤ ਦੀ ਚਿਤਾਵਨੀ ਦਿੰਦਾ ਦਿਖਾਈ ਦਿੰਦਾ ਹੈ। ਘਟਨਾ ਫ਼ਰੀਦਕੋਟ ਨੇੜਲੇ ਕਸਬਾ ਕੋਟਕਪੂਰਾ ਦੀ ਹੈ ਜਿੱਥੇ ਲੌਕਡਾਊਨ ਅਤੇ ਕਰਫ਼ਿਊ ਦੇ ਮਾਹੌਲ ਵਿੱਚ ਇੱਕ 8 ਮਹੀਨੇ ਦਾ ਭਰੂਣ ਮਿਲਣ ਕਾਰਨ ਚਾਰੇ ਪਾਸੇ ਚਰਚਾ ਛਿੜੀ ਹੋਈ ਹੈ।

ਪਤਾ ਲੱਗਣ 'ਤੇ ਸਥਾਨਕ ਲੋਕਾਂ ਨੇ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਇਸ ਬਾਰੇ ਸਿਹਤ ਵਿਭਾਗ ਨੂੰ ਸੂਚਿਤ ਕੀਤਾ। ਸਿਹਤ ਵਿਭਾਗ ਦੀ ਟੀਮ ਨੇ ਭਰੂਣ ਨੂੰ ਚੈੱਕ ਕਰਕੇ ਇੱਕ ਡੱਬੇ ਵਿੱਚ ਪੈਕ ਕੀਤਾ ਅਤੇ ਹਸਪਤਾਲ ਲਿਆਂਦਾ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਕੋਟਕਪੂਰਾ ਦੇ ਇੰਚਾਰਜ ਰਾਜਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਨਵਜੰਮੇ ਬੱਚੇ ਦਾ ਭਰੂਣ ਆਨੰਦ ਨਗਰ ਵਿਖੇ ਲਾਵਾਰਿਸ ਪਿਆ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਇਸ ਬਾਰੇ ਕਾਰਵਾਈ ਕਰਦੇ ਹੋਏ ਭਰੂਣ ਕਬਜ਼ੇ ਹੇਠ ਲਿਆ ਅਤੇ ਮਾਮਲਾ ਦਰਜ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਕੇ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇਹ ਅਜਿਹਾ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਨੇਕਾਂ ਵਾਰ ਨਵਜੰਮੇ ਬੱਚੇ ਝਾੜੀਆਂ 'ਚ ਸੁੱਟੇ ਜਾਂ ਨਹਿਰਾਂ 'ਚ ਰੋੜ੍ਹੇ ਜਾਣ ਦੀਆਂ ਖ਼ਬਰਾਂ ਵੱਖ-ਵੱਖ ਸਮੇਂ 'ਤੇ ਵੇਖਣ ਸੁਣਨ ਨੂੰ ਮਿਲਦੀਆਂ ਰਹੀਆਂ ਹਨ। ਗੁਰੂਆਂ ਦੀ ਧਰਤੀ 'ਤੇ ਅਜਿਹੀਆਂ ਅਣਮਨੁੱਖੀ ਘਟਨਾਵਾਂ ਦਾ ਵਾਪਰਨਾ ਸਮਾਜ 'ਚੋਂ ਭਰੋਸੇ, ਮਾਨਵਤਾ ਅਤੇ ਜ਼ਿੰਮੇਵਾਰੀ ਦੇ ਮਨਫ਼ੀ ਹੋਣ ਵੱਲ੍ਹ ਇਸ਼ਾਰਾ ਕਰਦੀਆਂ ਹਨ।

Related Post