ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਵਾਸਤੇ AAP ਕਰ ਰਹੀ ਹੈ ਸੌੜੀ ਸਿਆਸਤ: ਸੁਖਬੀਰ ਸਿੰਘ ਬਾਦਲ

By  Riya Bawa September 14th 2022 07:06 PM -- Updated: September 14th 2022 07:28 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਸਕੈਂਡਲਾਂ ਤੋਂ ਧਿਆਨ ਪਾਸੇ ਕਰਨ ਵਾਸਤੇ ਕੋਟਕਪੁਰਾ ਤੇ ਬਹਿਬਲਕਲਾਂ ਕੇਸਾਂ ਨੂੰ ਵਾਰ ਵਾਰ ਚੁੱਕ ਰਹੀ ਹੈ। ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਤੋਂ ਐਸ ਆਈ ਟੀ ਨੇ 2015 'ਚ ਵਾਪਰੇ ਕੋਟਕਪੁਰਾ ਫਾਇਰਿੰਗ ਕੇਸਾਂ ਬਾਰੇ ਪੁੱਛ ਗਿੱਛ ਕੀਤੀ, ਨੇ ਕਿਹਾ ਕਿ ਸਾਰੀਆਂ ਪੁਲਿਸ ਕਾਰਵਾਈਆਂ ਗਿਣੀ ਮਿੱਥੀ ਯੋਜਨਾ ਤਹਿਤ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਫੈਸਲੇ ਸਰਕਾਰ ਵੱਲੋਂ ਲਏ ਜਾ ਰਹੇ ਹਨ।

SAD

ਐਸ ਆਈ ਟੀ ਨੂੰ ਨਿਰਪੱਖਤਾ ਨਾਲ ਕੰਮ ਕਰਨ ਵਾਸਤੇ ਆਖਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ 100 ਵਾਰ ਪੁੱਛ ਗਿੱਛ ਲਈ ਪੇਸ਼ ਹੋਣ ਵਾਸਤੇ ਤਿਆਰ ਹਨ ਪਰ ਮਾਮਲੇ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਪ ਸਰਕਾਰ ਵੀ ਪਿਛਲੀ ਕਾਂਗਰਸ ਸਰਕਾਰ ਦੇ ਕਦਮਾਂ ’ਤੇ ਤੁਰ ਰਹੀ ਹੈ। ਉਹਨਾਂ ਕਿਹਾ ਕਿ ਇਸ ਸਾਲ ਦੇ ਸਕੈਂਡਲਾਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਸਰਕਾਰ ਸੌੜੀ ਸਿਆਸਤ ਕਰ ਰਹੀ ਹੈ। ਤਾਜ਼ਾ ਸਕੈਂਡਲ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵੱਲੋਂ ਗੈਰ ਕਾਨੂੰਨੀ ਉਗਰਾਹੀ ਕਰਨ ਦਾ ਹੈ।

ਇਹ ਵੀ ਪੜ੍ਹੋ:ਮੰਤਰੀ ਫੌਜਾ ਸਿੰਘ ਸਰਾਰੀ ਦੀ ਵਾਇਰਲ ਆਡੀਓ ਮਾਮਲੇ 'ਚ ਤਿੰਨ ਪੱਧਰਾਂ 'ਤੇ ਜਾਂਚ ਸ਼ੁਰੂ

ਸਾਬਕਾ ਆਈ ਜੀ ਤੋਂ ਆਪ ਵਿਧਾਇਕ ਬਣੇ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਾਬਕਾ ਆਈ ਜੀ ਨੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਝੂਠੇ ਕੇਸਾਂ ਵਿਚ ਸਫਾਉਣ ਲਈ ਜਾਅਲੀ ਸਬੂਤ ਤਿਆਰ ਕੀਤੇ। ਉਹਨਾਂ ਕਿਹਾ ਕਿ ਮੈਨੂੰ ਆਸ ਹੈ ਕਿ ਉਹਨਾਂ ਨੂੰ ਆਪਣੇ ਗੁਨਾਹਾਂ ਦੀ ਸਜ਼ਾ ਮਿਲੇਗੀ।

ਅਪਰੇਸ਼ਨ ਲੋਟਸ ਬਾਰੇ ਸਵਾਲ ਦੇ ਜਵਾਬ ਵਿਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਧੂੰਆਂ ਤਾਂ ਹੀ ਉਠਦਾ ਹੈ ਜੇ ਕਿਤੇ ਅੱਗ ਹੋਵੇ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਆਪ ਵਿਧਾਇਕ ਰਕਮਾਂ ਲੈਣ ਵਾਸਤੇ ਤਿਆਰ ਹਨ। ਇਸੇ ਲਈ ਉਹਨਾਂ ਦੀ ਕੀਮਤ ਦੱਸੀ ਜਾ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਪਾਸੇ ਬਦਲਣ ਲਈ ਤਿਆਰ ਭਾਈਵਾਲ ਨਹੀਂ ਬਣਨਾ ਚਾਹੀਦਾ ਤੇ ਅਜਿਹਾ ਕਰਨ ’ਤੇ ਕੋਈ ਵੀ ਉਹਨਾਂ ਦੀ ਹਮਾਇਤ ਨਹੀਂ ਲਵੇਗਾ ਤੇ ਨਾ ਹੀ ਉਹਨਾਂ ਨੂੰ ਖਰੀਦੇਗਾ।

-PTC News

Related Post