ਪੰਜਾਬ

ਤਲਵੰਡੀ ਸਾਬੋ 'ਚ ਟਰੱਕ ਚਾਲਕਾਂ ਤੋਂ ਵਸੂਲਿਆ ਜਾ ਰਿਹਾ 'ਗੁੰਡਾ ਟੈਕਸ', ਵੀਡੀਓ ਵਾਇਰਲ ਹੋਣ ਮਗਰੋਂ ਗਰਮਾਇਆ ਮਾਮਲਾ

By Jasmeet Singh -- September 13, 2022 11:25 am

ਤਲਵੰਡੀ ਸਾਬੋ, 13 ਸਤੰਬਰ: ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਤੋਂ ਇੱਕ ਵੀਡੀਓ ਇਨ੍ਹਾਂ ਦਿਨੀਂ ਵਾਟਸਐਪ ਗਰੁਪਾਂ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਥਿਤ ਵੀਡੀਓ ਵਿਚ ਟਰੱਕ ਯੂਨੀਅਨ ਦੇ ਪ੍ਰਧਾਨ 'ਤੇ ਦੋਸ਼ ਲਾਏ ਗਏ ਹਨ ਕਿ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਟਰੱਕਾਂ ਨੂੰ ਜਿੱਥੇ ਪਹਿਲਾਂ ਸ਼ਹਿਰ 'ਚ ਵੜਨ ਵੇਲੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਉੱਥੇ ਹੀ ਉਨ੍ਹਾਂ ਤੋਂ 'ਗੁੰਡਾ ਟੈਕਸ' ਵੀ ਵਸੂਲਿਆ ਜਾਂਦਾ ਹੈ।

ਕਥਿਤ ਵੀਡੀਓ ਵਿਚ ਇਹ ਵੀ ਸੁਣਿਆ ਜਾ ਸਕਦਾ ਕਿ 'ਗੁੰਡਾ ਟੈਕਸ' ਇੱਕਠਾ ਕਰਨ ਵਾਲੇ ਆਪਣੇ ਨਾਲ ਨਾਲ ਪੁਲਿਸ ਦਾ ਵੀ ਹਿੱਸਾ ਮੰਗ ਰਹੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੀੜਤ ਵੀ ਮੀਡੀਆ ਦੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਦੱਸਿਆ ਕਿ ਉਨ੍ਹਾਂ ਕੋਲੋਂ 2000 ਰੁਪਏ ਪ੍ਰਤੀ ਟਰੱਕ 'ਗੁੰਡਾ ਟੈਕਸ' ਦੀ ਪਰਚੀ ਕੱਟੀ ਜਾ ਰਹੀ ਹੈ।

ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਪਹਿਲਾਂ ਵੀ ਥਾਣੇ ਵਿੱਚ ਫੜਵਾ ਦਿੱਤਾ ਗਿਆ ਸੀ। ਜਿੱਥੇ ਪੁਲਿਸ ਨੇ ਉਨ੍ਹਾਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਛੱਡ ਦਿੱਤਾ। ਪੀੜਤਾਂ ਨੇ ਦੋਸ਼ ਲਾਇਆ ਕਿ ਬਾਹਰੀ ਸੂਬੇ ਦੇ ਹੋਣ ਕਾਰਨ ਉਨ੍ਹਾਂ ਦੀ ਇੱਥੇ ਕੋਈ ਸੁਣਵਾਈ ਨਹੀਂ ਹੋ ਰਹੀ ਹੈ।

ਉਨ੍ਹਾਂ ਦੱਸਿਆ ਕਿ ਉਹ ਇੱਥੇ ਦੇ ਪਿੰਡਾਂ ਤੋਂ ਪਸ਼ੂ ਲੈ ਕੇ ਯੂਪੀ ਅਤੇ ਬਿਹਾਰ ਜਾ ਕੇ ਵੇਚਦੇ ਹਨ। ਆਪਣੇ ਭਰੇ ਟਰੱਕ ਨੂੰ ਬਾਹਰ ਲੈ ਜਾਣ ਲਈ ਪ੍ਰਤੀ ਟਰੱਕ 2000 ਰੁਪਏ ਟਰੱਕ ਯੂਨੀਅਨ ਦੇ ਆਗੂ ਨੂੰ 'ਗੁੰਡਾ ਟੈਕਸ' ਦੇਣਾ ਪੈ ਰਿਹਾ ਅਤੇ ਹੁਣ ਤੱਕ ਉਨ੍ਹਾਂ ਤੋਂ 60,000 ਰੁਪਏ ਤੋਂ ਉੱਤੇ ਦੀ ਰਕਮ ਹੇਠੀ ਜਾ ਚੁੱਕੀ ਹਨ। ਇਸ ਦਰਮਿਆਨ ਪੀੜਤਾਂ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਟਰੱਕ ਯੂਨੀਅਨ ਦਾ ਪ੍ਰਧਾਨ ਆਪਣੇ ਆਪ ਨੂੰ ਸੱਤਾਧਾਰੀ ਸੂਬਾ ਸਰਕਾਰ ਨਾਲ ਜੁੜਿਆ ਹੋਇਆ ਦਸਦਾ ਅਤੇ ਉਸਦੀ ਧੌਂਸ ਵੀ ਜਮਾਉਂਦਾ।

ਇਹ ਵੀ ਪੜ੍ਹੋ: ਸਿੱਪੀ ਸਿੱਧੂ ਕਤਲ ਮਾਮਲੇ 'ਚ ਮੁਲਜ਼ਮ ਕਲਿਆਣੀ ਨੂੰ ਹਾਈਕੋਰਟ ਨੇ ਦਿੱਤੀ ਜ਼ਮਾਨਤ


ਜਦੋਂ ਕਿ ਦੂਜੇ ਪਾਸੇ ਟਰੱਕ ਯੂਨੀਅਨ ਦੇ ਕਥਿਤ ਆਗੂ ਨੇ ਆਪਣੇ ਸੋਸ਼ਲ ਮੀਡੀਆ 'ਤੇ ਹੁਣ ਇੱਕ ਵੀਡੀਓ ਪਾ ਕੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦੀ ਠਹਿਰਾਇਆ ਅਤੇ ਉਸਦਾ ਕਹਿਣਾ ਕਿ ਇਹ ਉਸਨੂੰ ਅਤੇ ਉਸਦੀ ਪਾਰਟੀ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ, ਜਿਸ ਲਈ ਉਸ ਵੱਲੋਂ ਪੁਲਿਸ ਥਾਣੇ ਵਿਚ ਵੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।


-PTC News

  • Share