26-27 ਨਵੰਬਰ ਨੂੰ ਯਾਤਰਾ ਕਰਨ ਵਾਲਿਆਂ ਲਈ ਅਹਿਮ ਖ਼ਬਰ

By  Jagroop Kaur November 25th 2020 09:36 PM -- Updated: November 25th 2020 09:42 PM

ਦੇਸ਼ ਭਰ 'ਚ ਇਸ ਵੇਲੇ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ 26 ਅਤੇ 27 ਤਾਰੀਖ ਦੇ 'ਦਿੱਲੀ ਚੱਲੋ' ਪ੍ਰੋਗਰਾਮ ਵਿੱਢਿਆ ਗਿਆ ਹੈ , ਜਿਸ ਦੇ ਚੱਲਦੇ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ਨੂੰ ਸੀਲ ਕੀਤਾ ਗਿਆ ਹੈ। ਉਥੇ ਹੀ ਇਸ ਦੌਰਾਨ ਪੰਜਾਬ ਆਉਣ/ਜਾਣ ਵਾਲੇ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਲਈ ਪੰਜਾਬ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਅਤੇ ਰਾਹਗੀਰਾਂ ਨੂੰ ਇਹਨਾ ਰਾਹਾਂ ਤੋਂ ਨਾ ਆਉਣ ਦੀ ਸਲਾਹ ਦਿੱਤੀ ਗਈ ਹੈ|

ਦਰਅਸਲ ਕਿਸਾਨਾਂ ਵਲੋਂ ਵੱਡੀ ਗਿਣਤੀ ਵਿਚ ਟ੍ਰੈਕਟਰ-ਟਰਾਲੀਆਂ ਰਾਹੀਂ ਦਿੱਲੀ ਕੂਚ ਕੀਤੀ ਜਾ ਰਹੀ ਹੈ, ਇਸ ਲਈ ਜੇਕਰ ਕੋਈ ਯਾਤਰੀ ਪੰਜਾਬ-ਹਰਿਆਣਾ ਦੇ ਰਸਤੇ ਰਾਹੀਂ ਸਫ਼ਰ ਕਰਦਾ ਹੈ ਤਾਂ ਉਸ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਪੁਲਸ ਨੇ ਇਸ ਲਈ ਬਕਾਇਦਾ ਐਡਵਾਈਜ਼ਰੀ ਜਾਰੀ ਕਰਦੇ ਹੋਏ ਯਾਤਰੀਆਂ ਨੂੰ ਡੇਰਾਬਸੀ-ਅੰਬਾਲਾ/ਨਰਾਇਣਗੜ੍ਹ, ਸ਼ੰਭੂ ਬਾਰਡਰ, ਦੇਵੀਗੜ੍ਹ-ਪਿਹੋਵਾ ਰੋਡ, ਖਨੌਰੀ-ਨਿਰਵਾਨਾ ਰੋਡ, ਸਰਦੂਲਗੜ੍ਹ-ਫ਼ਤਹਿਬਾਦ ਰੋਡ ਅਤੇ ਬਠਿੰਡਾ-ਡੱਬਵਾਲੀ ਰੋਡ ਰਾਹੀਂ ਸਫ਼ਰ ਨਾ ਕਰਨ ਦੀ ਸਲਾਹ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਜਿਥੇ ਬਾਰਡਰ ਸੀਲ ਕੀਤੇ ਗਏ ਹਨ ਉਥੇ ਹੀ ਪੰਜਾਬ ਵਿਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਤੋਂ ਬਾਅਦ ਪੰਜਾਬ ਸਰਕਾਰ ਨੇ ਸਖ਼ਤ ਫ਼ੈਸਲਾ ਲੈਂਦੇ ਹੋਏ ਸੂਬੇ ਵਿਚ ਮੁੜ ਤੋਂ ਨਾਈਟ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਇਹ ਨਾਈਟ ਕਰਫਿਊ 1 ਦਸੰਬਰ ਤੋਂ 15 ਦਸੰਬਰ ਤਕ ਲਾਗੂ ਰਹੇਗਾ। ਇਸ ਤਹਿਤ ਵੀ ਲੋਕਾਂ ਨੂੰ ਸੋਚ ਸਮਝ ਕੇ ਘਰੋਂ ਨਿਕਲਣ ਦੀ ਅਪੀਲ ਕੀਤੀ ਜਾਂਦੀ ਹੈ।

Related Post