ਸ਼੍ਰੋਮਣੀ ਅਕਾਲੀ ਦਲ ਦੀ ਕਾਂਗਰਸ ਨੂੰ ਚੁਣੌਤੀ, 'ਸਿਆਸੀ ਬਦਲਾਖੋਰੀ 'ਚ ਜੇਲ੍ਹ ਡੱਕ ਦਿਓ, ਸਾਨੂੰ ਪਰਵਾਹ ਨਹੀਂ'

By  Riya Bawa December 5th 2021 06:45 PM -- Updated: December 5th 2021 06:48 PM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਝੂਠੇ ਕੇਸ ਵਿਚ ਫਸਾਉਣ ਦਾ ਯਤਨ ਕਰਨ ਤੋਂ ਬਾਅਦ ਹੁਣ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਿਆਂ ਦੇ ਝੂਠੇ ਕੇਸ ਵਿਚ ਫਸਾਉਣ ਦੀ ਸਾਜ਼ਿਸ਼ ਰਚੀ ਹੈ ਤੇ ਇਸ ਵਾਸਤੇ ਉਹਨਾਂ ਖਿਲਾਫ ਇਕ ਮਨਘੜਤ ਬਿਆਨ ਧਾਰਾ 164 ਸੀ ਆਰ ਪੀ ਸੀ ਵਿਚ ਦਰਜ ਕਰਵਾਇਆ ਜਾ ਰਿਹਾ ਹੈ ਤੇ ਇਸ ਯੋਜਨਾ ਨੁੰ ਸਿਰੇ ਚੜ੍ਹਾਉਣ ਲਈ ਕੱਲ੍ਹ ਦਿੱਲੀ ਏਅਰਪੋਰਟ ਦੇ ਟੀ 4 ਲੋਂਜ ਵਿਚ ਇਕ ਮੀਟਿੰਗ ਵੀ ਕੀਤੀ ਗਈ ਹੈ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਾਜ਼ਿਸ ਦਾ ਪੱਧਰ ਇਥੋਂ ਹੀ ਸਮਝਿਆ ਜਾ ਸਕਦਾ ਹੈ ਕਿ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸੂਬੇ ਦੇ ਸਰਕਾਰੀ ਹੈਲੀਕਾਪਟਰ ਵਿਚ ਦਿੱਲੀ ਰਵਾਨਾ ਹੋਏ ਤੇ ਉਹਨਾਂ ਦੇ ਨਾਲ ਕਾਂਗਰਸ ਦੇ ਵਿਧਾਇਕ ਕੁਲਬੀਰ ਜ਼ੀਰਾ, ਡੀ ਜੀ ਪੀ ਆਈ ਪੀ ਐਸ ਸਹੋਤਾ, ਵਿਜੀਲੈਂਸ ਮੁਖੀ ਹਰਪ੍ਰੀਤ ਸਿੱਧੂ ਤੇ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਮੁਖੀ ਐਸ ਕੇ ਅਸਥਾਨਾ ਵੀ ਸਨ। ਇਹਨਾਂ ਦੀ ਟੀ 4 ਟਰਮਿਨਲ ਲੋਂਜ ਵਿਖੇ ਮੀਟਿੰਗ ਹੋਈ ਜਿਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਹਾਈ ਕਮਾਂਡ ਤੋਂ ਉਹਨਾਂ ਨੂੰ ਮਿਲੀਆਂ ਹਦਾਇਤਾਂ ਤੋਂ ਇਹਨਾਂ ਨੁੰ ਜਾਣੂ ਕਰਵਾਇਆ।

ਡਾ. ਚੀਮਾ ਨੇ ਕਿਹਾ ਕਿ ਪੰਜਾਬ ਕਾਂਗਰਸ ਬਿਕਰਮ ਸਿੰਘ ਮਜੀਠੀਆ ਨੂੰ ਝੂਠੇ ਕੇਸ ਵਿਚ ਫਸਾਉਣ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ’ਤੇ ਤੁਲੀ ਹੈ। ਉਹਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਨਾਲ ਨਾਲ ਪ੍ਰਦੇਸ਼ ਕਾਂਗਰਸ ਨਵਜੋਤ ਸਿੱਧੂ ਜਿਹਨਾਂ ਨੇ ਗ੍ਰਿਫਤਾਰੀ ਨਾ ਹੋਣ ਦੀ ਸੂਰਤ ਵਿਚ ਮਰਨ ਵਰਤ ਰੱਖਣ ਦੀ ਧਮਕੀ ਦਿੱਤੀ ਹੈ, ਵੀ ਇਸ ਸਾਜ਼ਿਸ਼ ਦਾ ਹਿੱਸਾ ਸਨ। ਉਹਨਾਂ ਕਿਹਾ ਕਿ ਪੁਲਿਸ ਅਫਸਰਾਂ ’ਤੇ ਦਬਾਅ ਬਦਾਇਆ ਜਾ ਰਿਹਾ ਹੈ ਕਿ ਉਹ ਸਰਕਾਰ ਦੀ ਗੱਲ ਮੰਨਣ ਤੇ ਬਿਊਰੋ ਆਫ ਇਨਵੈਸਟੀਗੇਸ਼ਨ ਵਿਚ ਅਰਪਿਤ ਸ਼ੁਕਲਾ ਤੋਂ ਵਰਿੰਦਰ ਕੁਮਾਰ ਤੇ ਹੁਣ ਐਸ ਕੇ ਅਸਥਾਨਾ ਦਾ ਤਬਾਦਲਾ ਕੀਤਾ ਜਾਣਾ ਇਸ ਗੱਲ ਦਾ ਸਬੂਤ ਹੈ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦਾ ਰੈਗੂਲਰ ਡੀ ਜੀ ਪੀ ਵੀ ਇਸੇ ਕਰ ਕੇ ਨਹੀਂ ਲਗਾਇਆ ਜਾ ਰਿਹਾ ਕਿ ਸਿਖ਼ਰਲੇ ਅਫਸਰਾਂ ਨੂੰ ਵੀ ਖੁੰਡੇ ’ਤੇ ਟੰਗਿਆ ਹੋਇਆ ਹੈ ਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਇਹਨਾਂ ਅਫਸਰਾਂ ਦੀ ਵਰਤੋਂ ਕਾਂਗਰਸ ਪਾਰਟੀ ਦੀਆਂ ਯੋਜਨਾਵਾਂ ਮੁਤਾਬਕ ਕੀਤੀ ਜਾ ਸਕੇ।

ਡਾ. ਚੀਮਾ ਨੇ ਪੰਜਾਬ ਕਾਂਗਰਸ ਨੂੰ ਆਖਿਆ ਕਿ ਉਹ ਨਸ਼ਿਆਂ ਦੇ ਕੇਸ ਦੀ ਜਾਂਚ ਦਾ ਵਿਖਾਵਾ ਛੱਡ ਕੇ ਸੁਖਜਿੰਦਰ ਸਿੰਘ ਰੰਧਾਵਾ, ਨਵਜੋਤ ਸਿੱਧੂ ਤੇ ਕੁਲਬੀਰ ਜ਼ੀਰਾ ਦੀ ਸ਼ਮੂਲੀਅਤ ਵਾਸੀ ਐਸ ਆਈ ਟੀ ਨੂੰ ਨੋਟੀਫਾਈ ਕਰੇ ਤੇ ਉਹਨਾਂ ਨੂੰ ਕੇਸ ਦਰਜ ਕਰਨ ਤੇ ਮਰਜ਼ੀਆਂ ਮੁਤਾਬਕ ਗ੍ਰਿਫਤਾਰੀਆਂ ਕਰਨ ਦੀ ਤਾਕਤ ਦੇਵੇ। ਉਹਨਾਂ ਕਿਹਾ ਕਿ ਇਹ ਆਗੂ ਪੁਲਿਸ ਅਫਸਰਾਂ ’ਤੇ ਦਬਾਅ ਪਾ ਕੇ ਤੇ ਧੱਕਾ ਕਰ ਕੇ ਇਹੀ ਕੁਝ ਕਰਵਾਉਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਕਾਨੁੰਨ ਦਾ ਰਾਜ, ਨਿਆਂਇਕ ਪ੍ਰਕਿਰਿਆ ਤੇ ਸੰਵਿਧਾਨ ਛਿੱਕੇ ਟੰਗ ਦਿੱਤਾ ਗਿਆ ਹੈ।

ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਕਾਂਗਰਸ ਵਾਪਰ ਰਹੀਆਂ ਘਟਨਾਵਾਂ ਖਾਸ ਤੌਰ ’ਤੇ ਅਕਾਲੀ ਦਲ ਦੇ ਨਾਲ ਜੁੜ ਰਹੀ ਹਮਾਇਤ ਤੇ ਸਰਕਾਰ ਦੀ ਹਰ ਮੁਹਾਜ਼ ’ਤੇ ਅਸਫਲਤਾ ਤੋਂ ਬੌਖਲਾ ਗਈ ਹੈ। ਇਸ ਨੂੰ ਮਹਿਸੂਸ ਹੋ ਰਿਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਅਤੇ ਸਰਦਾਰ ਮਜੀਠੀਆ ਦੇ ਖਿਲਾਫ ਕੇਸ ਦਰਜ ਕਰਨ ਨਾਲ ਹੀ ਉਸਦੀ ਡੁੱਬਦੀ ਬੇੜੀ ਬੱਚ ਸਕਦੀ ਹੈ। ਇਹੀ ਕਾਰਨ ਹੈ ਕਿ ਇਹਨਾਂ ਨੇ ਪਹਿਲਾਂ ਰਾਜ ਭਵਨ ਦੀ ਅਨੈਕਸੀ ਵਿਚ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਧਾਰਾ 164 ਸੀ ਆਰ ਪੀ ਸੀ ਤਹਿਤ ਝੁਠੀ ਸ਼ਿਕਾਇਤ ਦਰਜ ਕਰ ਕੇ ਝੁਠਾ ਕੇਸ ਦਰਜ ਕਰਨ ਦੀ ਸਾਜ਼ਿਸ਼ ਰਚੀ। ਅਕਾਲੀ ਦਲ ਨੇ ਇਹ ਸਾਜ਼ਿਸ਼ ਬੇਨਕਾਬ ਕਰ ਦਿੱਤੀ ਤੇ ਦਾਅਵਾ ਕੀਤਾ ਕਿ ਪਾਰਟੀ ਦੀ ਸਾਬਕਾ ਵਰਕਰ ਰਾਜਿੰਦਰ ਕੌਰ ਮੀਸਾ ਇਕ ਪ੍ਰੈਸ ਕਾਨਫਰੰਸ ਕਰ ਕੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਦੋਸ਼ ਲਗਾਏਗੀ ਤੇ ਅਗਲੇ ਦਿਨਾਂ ਵਿਚ ਮੀਸਾ ਨੇ ਪ੍ਰੈਸ ਕਾਨਫਰੰਸ ਕਰ ਕੇ ਦੋਸ਼ ਲਗਾਏ ਤੇ ਪਾਰਟੀ ਦੇ ਦਾਅਵੇ ਨੁੰ ਸਹੀ ਸਾਬਤ ਕਰ ਦਿੱਤਾ।

ਡਾ. ਚੀਮਾ ਨੇ ਕਿਹਾ ਕਿ ਪੰਜਾਬ ਕਾਂਗਰਸ ਦਾ ਗੁਨਾਹ ਇਥੋਂ ਹੀ ਸਾਬਤ ਹੋ ਗਿਆ ਕਿ ਅਕਾਲੀ ਦਲ ਵੱਲੋਂ ਬੇਨਕਾਬ ਕੀਤੀ ਸਾਜ਼ਿਸ਼ ਦਾ ਕਿਸੇ ਨੇ ਵੀ ਖੰਡਨ ਨਹੀਂ ਕੀਤਾ। ਉਹਨਾਂ ਕਿਹਾ ਕਿ ਹੁਣ ਅਜਿਹੀ ਹੀ ਸਾਜ਼ਿਸ਼ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਰਚੀ ਗਈ ਹੈ ਜਿਸਦਾ ਮਕਸਦ ਵੀ ਉਹੀ ਹੈ ਕਿ ਉਹਨਾਂ ਨੁੰ ਝੂਠੇ ਕੇਸ ਵਿਚ ਫਸਾਇਆ ਜਾਵੇ।

ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੀ ਬਦਲਾਖੋਰੇ ਦੀ ਰਾਜਨੀਤੀ ਤੋਂ ਅਕਾਲੀ ਦਲ ਕਿਸੇ ਵੀ ਤਰੀਕੇ ਡਰਨ ਵਾਲਾ ਨਹੀਂ ਹੈ। ਉਹਨਾਂ ਕਿਹਾ ਕਿ ਪਹਿਲਾਂ ਸਾਰੀ ਪਾਰਟੀ ਲੀਡਰਸ਼ਿਪ ਨੇ ਇਸਦੇ ਪ੍ਰਧਾਨ ਨੁੰ ਝੁਠੇ ਕੇਸ ਵਿਚ ਫਸਾਵੁਣ ਦੀ ਕਾਂਗਰਸ ਸਰਕਾਰ ਦੀ ਸਾਜ਼ਿਸ਼ ਦੇ ਖਿਲਾਫ ਗ੍ਰਿਫਤਾਰੀ ਦਿੱਤੀ ਸੀ। ਉਹਨਾਂ ਕਿਹਾ ਕਿ ਅਸੀਂ ਗ੍ਰਿਫਤਾਰੀਆਂ ਤੋਂ ਨਹੀਂ ਡਰਦੇ। ਅਸੀਂ ਮੁੱਖ ਮੰਤਰੀ ਤੇ ਨਾਲ ਹੀ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਉਹ ਸੀਨੀਅਰ ਅਕਾਲੀ ਆਗੂਆਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਲਈ ਜਵਾਬਦੇਹ ਹੋਣਗੇ।

-PTC News

Related Post