ਅੰਮ੍ਰਿਤਸਰ ਰੇਲ ਹਾਦਸਾ ਕੋਈ ਕੁਦਰਤੀ ਮਾਰ ਨਹੀਂ ਬਲਕਿ ਆਮ ਲੋਕਾਂ ਦਾ ਸਮੂਹਿਕ ਕਤਲ :ਸੁਖਬੀਰ ਬਾਦਲ

By  Shanker Badra October 20th 2018 06:02 PM -- Updated: October 20th 2018 06:17 PM

ਅੰਮ੍ਰਿਤਸਰ ਰੇਲ ਹਾਦਸਾ ਕੋਈ ਕੁਦਰਤੀ ਮਾਰ ਨਹੀਂ ਬਲਕਿ ਆਮ ਲੋਕਾਂ ਦਾ ਸਮੂਹਿਕ ਕਤਲ :ਸੁਖਬੀਰ ਬਾਦਲ:ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁੱਕਰਵਾਰ ਨੂੰ ਅੰਮ੍ਰਿਤਸਰ 'ਚ ਦੁਸਹਿਰਾ ਸਮਾਗਮ ਦੌਰਾਨ ਵਾਪਰੇ ਰੇਲ ਹਾਦਸੇ 'ਤੇ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ।ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ,ਬਿਕਰਮ ਮਜੀਠੀਆ ਸਮੇਤ ਸਮੁੱਚੀ ਲੀਡਰਸ਼ਿਪ ਮੌਜੂਦ ਸੀ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦੁਸਹਿਰਾ ਸਮਾਗਮ ਪ੍ਰਬੰਧਕਾਂ 'ਤੇ ਸਵਾਲ ਚੁੱਕੇ ਹਨ।ਪ੍ਰੈਸ ਕਾਨਫਰੰਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਅਤੇ ਅੱਜ ਤੱਕ ਐਨਾ ਵੱਡਾ ਘਟਨਾਕਰਮ ਉਨ੍ਹਾਂ ਨੇ ਕਦੇ ਨਹੀਂ ਦੇਖਿਆ।ਉਨ੍ਹਾਂ ਨੇ ਕਿਹਾ ਕਿ ਇਸ ਹਾਦਸੇ ਵਿੱਚ ਛੋਟੇ-ਛੋਟੇ ਬੱਚੇ ਮਾਰੇ ਗਏ ਹਨ ਅਤੇ ਕਈਆਂ ਦੇ ਸਾਰੇ ਪਰਿਵਾਰ ਖਤਮ ਹੋ ਗਏ ਹਨ।ਸੁਖਬੀਰ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਅੱਜ ਸਵੇਰੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਤਾਂ ਪਤਾ ਲੱਗਾ ਕਿ ਕਈਆਂ ਦੇ ਮੈਂਬਰ ਲਾਪਤਾ ਹਨ।

ਸੁਖਬੀਰ ਬਾਦਲ ਨੇ ਕਿਹਾ ਕਿ ਇਸ ਮੁੱਦੇ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ ਪਰ ਦੋਸ਼ੀਆਂ ਨੂੰ ਬਖਸਿਆ ਨਹੀਂ ਜਾਣਾ ਚਾਹੀਦਾ।ਇਸ ਘਟਨਾ ਕਰਕੇ ਲੋਕਾਂ ਦੇ ਵਿਚ ਬਹੁਤ ਗੁੱਸਾ ਹੈ।ਉਨ੍ਹਾਂ ਨੇ ਕਿਹਾ ਕਿ ਦੁਸਹਿਰੇ ਦੇ ਸਮਾਗਮ 'ਚ ਪ੍ਰਬੰਧਕਾਂ ਨੇ ਬਹੁਤ ਵੱਡੀ ਲਾਪਰਵਾਹੀ ਵਰਤੀ ਹੈ ਕਿਉਂਕਿ ਥੋੜੀ ਥਾਂ 'ਚ ਵੱਡਾ ਸਮਾਗਮ ਕਰਵਾਇਆ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਇਹ ਹਾਦਸਾ ਕੋਈ ਕੁਦਰਤੀ ਮਾਰ ਨਹੀਂ ,ਆਮ ਲੋਕਾਂ ਦਾ ਸਮੂਹਿਕ ਕਤਲ ਹੈ।ਜਿਸ ਕਰਕੇ ਇਸ ਸਮਾਗਮ ਦੇ ਪ੍ਰਬੰਧਕਾਂ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ ਹੈ।ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਐਫਆਈਆਰ ਦੀ ਕਾਪੀ ਵੇਖ ਕੇ ਮੈਨੂੰ ਬੜਾ ਦੁੱਖ ਹੋਇਆ ਹੈ ਕਿ ਐਫਆਈਆਰ ਵਿੱਚ 4 ਅਣਪਛਾਤੇ ਲੋਕਾਂ 'ਤੇ ਕੇਸ ਦਰਜ ਹੋਇਆ ਹੈ।ਬਾਦਲ ਨੇ ਕਿਹਾ ਕਿ ਇਸ ਹਾਦਸੇ ਮੌਕੇ ਨਵਜੋਤ ਕੌਰ ਸਿੱਧੂ ਓਥੇ ਮੌਜੂਦ ਸੀ।ਇਸ ਐਫਆਈਆਰ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਹੋਣਾ ਚਾਹੀਦਾ ਕਿਉਂਕਿ ਇਹ ਵਿਭਾਗ ਉਨ੍ਹਾਂ ਦਾ ਹੈ।

ਇਸ ਦੌਰਾਨ ਬਿਕਰਮ ਮਜੀਠੀਆ ਨੇ ਕਿਹਾ ਕਿ ਜਿਨ੍ਹਾਂ ਦੀ ਮੌਤ ਹੋਈ ਹੈ ,ਉਨ੍ਹਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਅਤੇ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ।ਉਨ੍ਹਾਂ ਨੇ ਕਿਹਾ ਕਿ ਪੀੜਤ ਪਰਿਵਾਰਾਂ ਦੇ ਬਿਆਨਾਂ 'ਤੇ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ।ਪੀੜਤ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਹਰ ਸੰਭਵ ਯਤਨ ਕਰੇਗਾ।ਇਸ ਦੌਰਾਨ ਬਿਕਰਮ ਮਜੀਠੀਆ ਨੇ ਮੌਕੇ ਦੀ ਸੀਸੀਟੀਵੀ ਫੁਟੇਜ਼ ਵੀ ਦਿਖਾਈ ਹੈ।ਬਿਕਰਮ ਮਜੀਠੀਆ ਨੇ ਕਿਹਾ 6:38 ਵਜੇ ਨਵਜੋਤ ਕੌਰ ਸਿੱਧੂ ਪੁੱਜੇ , 6:46 'ਤੇ ਉਹਨਾਂ ਨੇ ਆਪਣੀ ਸਪੀਚ ਸ਼ੁਰੂ ਕੀਤੀ, 6:53 'ਤੇ ਰਾਵਣ ਨੂੰ ਅੱਗ ਲਾਈ ਜਾਂਦੀ ਹੈ।ਇਸ ਦੌਰਾਨ 6:53 'ਤੇ ਟਰੇਨ ਆ ਜਾਂਦੀ ਹੈ ਅਤੇ 6:57 'ਤੇ ਨਵਜੋਤ ਕੌਰ ਸਿੱਧੂ ਸਟੇਜ ਤੋਂ ਭੱਜ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਇਹ ਸਭ ਸੀਸੀਟੀਵੀ ਵਿਚ ਕੈਦ ਹੋਇਆ ਹੈ।

-PTCNews

Related Post