ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ

By  Joshi November 14th 2017 09:06 PM

ਅੰਮ੍ਰਿਤਸਰ: ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ 15 ਨਵੰਬਰ, ਬੁੱਧਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ, ਸ੍ਰੀ ਅੰਮ੍ਰਿਤਸਰ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ।

ਸ਼ੋ੍ਰਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ 15 ਨਵੰਬਰ ਨੂੰ ਅੰਮ੍ਰਿਤ ਵੇਲੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਤੋਂ ਬਾਅਦ ਆਸਾ ਦੀ ਵਾਰ ਦਾ ਕੀਰਤਨ ਹੋਵੇਗਾ। ਸਵੇਰੇ 8:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਤੇ 9:30 ਵਜੇ ਤੀਕ ਸ਼ਹੀਦੀ ਪ੍ਰਸੰਗ ਦੀ ਕਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬਾਨ ਕਰਨਗੇ।

ਉਨ੍ਹਾਂ ਦੱਸਿਆ ਕਿ 9:30 ਵਜੇ ਤੋਂ ਵਿਸ਼ਾਲ ਧਾਰਮਿਕ ਦੀਵਾਨ ਸਜੇਗਾ, ਜਿਸ ਵਿੱਚ ਪੰਥ ਪ੍ਰਸਿੱਧ ਢਾਡੀ, ਕਵੀਸ਼ਰੀ ਜਥੇ ਅਤੇ ਪ੍ਰਚਾਰਕ ਬਾਬਾ ਦੀਪ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਸਬੰਧੀ ਪ੍ਰਸੰਗ/ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ।ਦੁਪਹਿਰ 12 ਤੋਂ 2 ਵਜੇ ਤੀਕ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ।

ਡਾ. ਰੂਪ ਸਿੰਘ ਨੇ ਦੱਸਿਆ ਹੈ ਕਿ ਸ਼ਾਮ 4 ਵਜੇ ਵਿਸ਼ੇਸ਼ ਗੁਰਮਤਿ ਸਮਾਗਮ ਆਰੰਭ ਹੋਵੇਗਾ ਜਿਸ ਵਿੱਚ ਭਾਈ ਕਰਨੈਲ ਸਿੰਘ ਜੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਸਤਵਿੰਦਰ ਸਿੰਘ ਤੇ ਭਾਈ ਹਰਵਿੰਦਰ ਸਿੰਘ ਜੀ ਦਿੱਲੀ, ਭਾਈ ਬਲਵਿੰਦਰ ਸਿੰਘ ਜੀ ‘ਰੰਗੀਲਾ’ ਚੰਡੀਗੜ੍ਹ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ, ਭਾਈ ਗਗਨਦੀਪ ਸਿੰਘ ਜੀ ਗੰਗਾਨਗਰ, ਭਾਈ ਗੁਰਇਕਬਾਲ ਸਿੰਘ ਜੀ, ਬੀਬੀ ਕੌਲਾਂ ਜੀ ਭਲਾਈ ਕੇਂਦਰ, ਭਾਈ ਹਰਵਿੰਦਰ ਸਿੰਘ ਜੀ ਲਿਟਲ, ਬੀਬੀ ਕੌਲਾਂ ਜੀ ਭਲਾਈ ਕੇਂਦਰ, ਭਾਈ ਕੁਲਦੀਪ ਸਿੰਘ ਜੀ ਡੇਹਰਾਦੂਨ, ਭਾਈ ਹਰਜੋਤ ਸਿੰਘ ਜੀ ਜ਼ਖਮੀ ਜਲੰਧਰ, ਬੀਬੀ ਵਿਪਨਪ੍ਰੀਤ ਕੌਰ ਜੀ ਲੁਧਿਆਣਾ, ਭਾਈ ਨਿਰਮਲ ਸਿੰਘ ਜੀ ਨੂਰ ਢਾਡੀ ਜਥਾ, ਵਿਦਿਆਰਥੀ ਸੂਰਮਾ ਸਿੰਘ ਆਸ਼ਮ, ਸੈਂਟਰਲ ਖ਼ਾਲਸਾ ਯਤੀਮਖਾਨਾ, ਸ੍ਰੀ ਅੰਮ੍ਰਿਤਸਰ ਸਾਹਿਬ, ਬੀਬੀ ਕਵਲਜੀਤ ਕੌਰ ਜੀ ਕੀਰਤਨੀ ਜਥਾ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਗੁਰਮਤਿ ਸੰਗੀਤ ਵਿਦਿਆਲਾ ਮੀਰਾਂਕੋਟ ਬਾਣੀ ਦੇ ਕੀਰਤਨ, ਬੀਰ-ਰਸੀ ਵਾਰਾਂ ਤੇ ਕਵਿਤਾਵਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਡਾ. ਰੂਪ ਸਿੰਘ ਨੇ ਸਮੁੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਗੁਰਮਤਿ ਸਮਾਗਮਾਂ ਸਮੇਂ ਪਰਿਵਾਰਾਂ ਸਮੇਤ ਗੁਰੂ-ਘਰ ਹਾਜ਼ਰੀਆਂ ਭਰ ਕੇ ਜੀਵਨ ਸਫ਼ਲਾ ਕਰਨ।

—PTC News

Related Post