ਬਲਬੀਰ ਸਿੰਘ ਰਾਜੇਵਾਲ ਦੇ ਇਲਜ਼ਾਮ ਬਿਲਕੁੱਲ ਹਨ ਗਲਤ: ਸ਼੍ਰੋਮਣੀ ਅਕਾਲੀ ਦਲ

By  Riya Bawa September 21st 2021 09:06 PM -- Updated: September 21st 2021 09:14 PM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਸੀਨੀਅਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਸ਼੍ਰੋਮਣੀ ਅਕਾਲੀ ਦਲ 'ਤੇ ਬਿਆਨ ਦੇ ਕੇ ਆਪਣੇ ਕੱਦ ਨੂੰ ਛੋਟਾ ਨਹੀਂ ਕਰਨਾ ਚਾਹੀਦਾ ਸੀ, ਉਹ ਕਿਸਾਨ ਅੰਦੋਲਨ ਨੂੰ ਸਿਆਸਤ ਤੋਂ ਉੱਪਰ ਰੱਖਣ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਜਿਹੜੇ ਸ਼ਰਾਰਤੀ ਅਨਸਰਾਂ ਨੇ ਅਕਾਲੀ ਦਲ ਵੱਲੋਂ ਸੰਸਦ ਤੱਕ ਕੱਢੇ ਜਾਣ ਵਾਲੇ ਮਾਰਚ 'ਚ ਸ਼ਾਮਲ ਹੋਣ ਦਿੱਲੀ ਆ ਰਹੇ ਅਕਾਲੀਆਂ 'ਤੇ ਹਮਲੇ ਕੀਤੇ, ਉਨ੍ਹਾਂ ਖ਼ਿਲਾਫ਼ ਉਹ ਠੋਸ ਕਾਰਵਾਈ ਕਰਨ। ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਸਾਡੇ ਦਿਲ ਵਿਚ ਕਿਸਾਨ ਲਈ ਦਰਦ ਹੈ।

ਅਕਾਲੀ ਦਲ ਨੇ ਬਲਬੀਰ ਸਿੰਘ ਰਾਜੇਵਾਲ ਵਲੋਂ ਲਗਾਏ ਇਲਜ਼ਾਮਾਂ ਨੂੰ ਗਲਤ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਵੀਡੀਓ ਵਾਇਰਲ ਨਹੀਂ ਕੀਤੀਆਂ, ਇਨ੍ਹਾਂ ਵੀਡੀਓ 'ਚ ਅਕਾਲੀ ਆਗੂਆਂ ਤੇ ਬਲਕਿ ਔਰਤਾਂ ਨਾਲ ਮਾੜਾ ਸਲੂਕ ਹੁੰਦਾ ਦਿਖ ਰਿਹਾ ਹੈ, ਇਨ੍ਹਾਂ ਨੂੰ ਡਰਾਇਆ-ਧਮਕਾਇਆ ਤੇ ਲੁੱਟਿਆਂ ਤੇ ਇਨ੍ਹਾਂ ਦੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਜਾਣਾ ਵੇਖਿਆ ਜਾ ਸਕਦਾ ਹੈ ਤੇ ਇਹ ਵੀਡੀਓ ਕਾਰਾ ਕਰਨ ਵਾਲਿਆਂ ਨੇ ਪੋਸਟ ਕੀਤੀਆਂ ਹਨ, ਨਾ ਕਿ ਪੀੜਤਾਂ ਨੇ ਕੀਤੀਆਂ ਹਨ।

ਰਾਜੇਵਾਲ ਨੂੰ ਅਕਾਲੀ ਦਲ 'ਤੇ ਗੁੱਸਾ ਕਰਨ ਦੀ ਬਜਾਏ ਸ਼ਰਾਰਤੀ ਅਨਸਰਾਂ 'ਤੇ ਗੁੱਸਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪੀੜਤ ਲੋਕਾਂ ਦਾ ਦਰਦ ਜਨਤਾ ਸਾਹਮਣੇ ਰੱਖਿਆ ਸੀ।  ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਅਸੀਂ ਰਾਜੇਵਾਲ ਦਾ ਸਤਿਕਾਰ ਕਰਦੇ ਹਾਂ ਤੇ ਅਸੀਂ ਉਨ੍ਹਾਂ ਨੂੰ ਕਿਸਾਨੀ ਸੰਘਰਸ ਦਾ ਫੇਸ ਮੰਨਦੇ ਹਨ ਉਨ੍ਹਾਂ ਨੂੰ ਰਾਜਨੀਤਿਕ ਬਿਆਨਬਾਜੀ ਨਹੀ ਕਰਨੀ ਚਾਹੀਦੀ ਸੀ।

ਅਕਾਲੀ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਰਾਜੇਵਾਲ ਦਾ ਬਹੁਤ ਮਾਣ-ਸਤਿਕਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਰਾਜੇਵਾਲ ਨੂੰ ਸਿਆਸੀ ਬਿਆਨਾਂ ਨਾਲ ਆਪਣਾ ਸਤਿਕਾਰ ਨਹੀਂ ਘਟਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਸੀਂ ਸਿਆਸੀ ਮਾਮਲਿਆਂ 'ਤੇ ਵੱਖਰੇ ਤੌਰ 'ਤੇ ਬਹਿਸ ਕਰਨ ਲਈ ਤਿਆਰ ਹਾਂ ਤੇ ਇਸ ਵਾਸਤੇ ਕਿਸਾਨ ਫੋਰਮ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਇਹ ਵੀ ਦੱਸਿਆ ਕਿ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਸੰਸਦ 'ਚ ਦਿੱਤੇ ਬਿਆਨ ਜਨਤਕ ਰਿਕਾਰਡ ਦਾ ਹਿੱਸਾ ਹਨ ਤੇ ਹਰਸਿਮਰਤ ਬਾਦਲ ਸੂਬੇ ਦੇ ਇਤਿਹਾਸ 'ਚ ਇਕਲੌਤੇ ਕੇਂਦਰੀ ਮੰਤਰੀ ਹਨ, ਜਿਨ੍ਹਾਂ ਨੇ ਕਿਸਾਨਾਂ ਦੇ ਸਮਰਥਨ 'ਚ ਮੰਤਰਾਲੇ ਤੋਂ ਅਸਤੀਫਾ ਦਿੱਤਾ।

ਅਕਾਲੀ ਆਗੂਆਂ ਨੇ ਸਪੱਸ਼ਟ ਕਿਹਾ ਕਿ 17 ਸਤੰਬਰ ਨੂੰ ਇਸ ਵੱਲੋਂ ਆਯੋਜਿਤ ਰੋਸ ਮਾਰਚ ਦਾ ਮਕਸਦ ਸਿਰਫ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨਾ ਸੀ ਤੇ ਰਾਜੇਵਾਲ ਨੂੰ ਇਸ ਕਦਮ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਮਾਰਚ ਵਿਚ ਵੀ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਤਿੰਨ ਖੇਤੀ ਕਾਨੁੰਨ ਰੱਦ ਕਰਵਾਉਣ, ਐੱਮ. ਐੱਸ. ਪੀ. ਨੂੰ ਕਾਨੂੰਨੀ ਅਧਿਕਾਰ ਦੇਣ ਅਤੇ ਸਾਰੀਆਂ ਪ੍ਰਮੁੱਖ ਫਸਲਾਂ ਦੀ ਯਕੀਨੀ ਸਰਕਾਰੀ ਖਰੀਦ ਬਾਰੇ ਦ੍ਰਿੜ੍ਹ ਸੰਕਲਪ ਹੈ। ਉਨ੍ਹਾਂ ਨੇ ਦਿੱਲੀ ਰੋਸ ਮਾਰਚ 'ਚ ਇਨ੍ਹਾਂ ਮੰਗਾਂ ਬਾਰੇ ਹੀ ਨਾਅਰੇਬਾਜ਼ੀ ਕੀਤੀ ਸੀ ਤੇ ਉਹ ਇਹ ਮੰਗਾਂ ਪ੍ਰਵਾਨ ਹੋਣ ਤੱਕ ਅਕਾਲੀ ਦਲ ਇਨ੍ਹਾਂ ਨੂੰ ਚੁੱਕਦਾ ਰਹੇਗਾ।

-PTC News

Related Post