ਦੇਸ਼ ਅੰਦਰ ਵਾਪਰ ਰਹੀਆਂ ਹੈਵਾਨੀ ਘਟਨਾਵਾਂ ਸਮਾਜ ਦੇ ਮੱਥੇ 'ਤੇ ਕਲੰਕ -ਭਾਈ ਲੌਂਗੋਵਾਲ

By  Joshi April 17th 2018 12:53 PM

ਦੇਸ਼ ਅੰਦਰ ਵਾਪਰ ਰਹੀਆਂ ਹੈਵਾਨੀ ਘਟਨਾਵਾਂ ਸਮਾਜ ਦੇ ਮੱਥੇ 'ਤੇ ਕਲੰਕ -ਭਾਈ ਲੌਂਗੋਵਾਲ

ਹੈਵਾਨੀ ਦਰਿੰਦਿਆਂ ਨੂੰ ਦਿੱਤੀ ਜਾਵੇ ਸਖ਼ਤ ਤੋਂ ਸਖ਼ਤ ਸਜ਼ਾ

ਅੰਮ੍ਰਿਤਸਰ:  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੇਸ਼ ਅੰਦਰ ਹੈਵਾਨੀ ਘਟਨਾਵਾਂ ਦਾ ਸ਼ਿਕਾਰ ਹੋ ਰਹੀਆਂ ਧੀਆਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਿਆਂ ਇਸ ਵਰਤਾਰੇ 'ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ। ਬੀਤੇ ਦਿਨੀਂ ਜੰਮੂ ਕਸ਼ਮੀਰ ਅੰਦਰ ਕਠੂਆ ਜ਼ਿਲ੍ਹੇ ਦੇ ਇਕ ਪਿੰਡ 'ਚ ਮਾਸੂਮ ਬੱਚੀ ਦੀ ਇਜ਼ਤ ਨਾਲ ਹੈਵਾਨੀ ਕਾਰਾ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰਨ ਦੀ ਘਟਨਾ ਨੂੰ ਭਾਈ ਲੌਂਗੋਵਾਲ ਨੇ ਭਾਰਤੀ ਸਭਿਆਚਾਰ ਦੇ ਮੱਥੇ 'ਤੇ ਕਲੰਕ ਦੱਸਦਿਆਂ ਸਮਾਜ ਲਈ ਧੱਬਾ ਬਣੇ ਦਰਿੰਦਿਆਂ ਤੇ ਸਰਕਾਰਾਂ ਨੂੰ ਲਗਾਮ ਕੱਸਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਹ ਇਕੱਲੀ ਘਟਨਾ ਨਹੀਂ ਹੈ ਸਗੋਂ ਬੀਤੇ ਚ ਅਜਿਹੀਆਂ ਹੋਰ ਘਟਨਾਵਾਂ ਵੀ ਵਾਪਰੀਆਂ ਹਨ।

ਦਫਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਇਕ ਬਿਆਨ ਰਾਹੀਂ ਭਾਈ ਲੌਂਗੋਵਾਲ ਨੇ ਕਿਹਾ ਕਿ ਕਠੂਆ ਦੇ ਪਿੰਡ ਦੀ ਘਟਨਾ ਨੇ ਦੇਸ਼ ਵਾਸੀਆਂ ਨੂੰ ਸ਼ਰਮਿੰਦਗੀ ਦੀ ਕਾਲਖ ਦਿੱਤੀ ਹੈ ਜਿਸ ਨਾਲ ਮਨੁੱਖੀ ਮਾਨਸਿਕਤਾ ਪੀੜ ਪੀੜ ਹੋਈ ਹੈ। ਉਨ੍ਹਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਇਸ ਅਤਿ ਘਟੀਆ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ  ਜਾਣ ਤਾਂ ਜੋ ਅਜਿਹੇ ਚੱਲਣ ਨੂੰ ਨੱਪਿਆ ਜਾ ਸਕੇ।  ਭਾਈ ਲੌਂਗੋਵਾਲ ਨੇ ਕਿਹਾ ਕਿ ਇਸਤਰੀ ਵਰਗ ਦੀ ਸੁਰੱਖਿਆ ਸਰਕਾਰਾਂ ਦੀ ਜ਼ੁੰਮੇਵਾਰੀ ਹੈ ਜਿਸ ਦੀ ਪੂਰਤੀ ਲਈ ਸਰਕਾਰਾਂ ਚ ਬੈਠੇ ਜ਼ੁੰਮੇਵਾਰ ਲੋਕਾਂ ਨੂੰ ਸੁਹਿਰਦ ਪਹੁੰਚ ਅਪਣਾਉਣੀ ਚਾਹੀਦੀ ਹੈ।

—PTC News

Related Post