'ਕਾਂਗਰਸ ਭਜਾਓ-ਪੰਜਾਬ ਬਚਾਓ' ਅਤੇ ਕਾਂਗਰਸ ਗੱਦੀ ਛੱਡੋ ਮੁਹਿੰਮ ਤਹਿਤ ਸੜਕਾਂ 'ਤੇ ਉਤਰੀ ਭਾਜਪਾ

By  Shanker Badra October 13th 2018 11:07 PM

'ਕਾਂਗਰਸ ਭਜਾਓ-ਪੰਜਾਬ ਬਚਾਓ' ਅਤੇ ਕਾਂਗਰਸ ਗੱਦੀ ਛੱਡੋ ਮੁਹਿੰਮ ਤਹਿਤ ਸੜਕਾਂ 'ਤੇ ਉਤਰੀ ਭਾਜਪਾ:ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਪੰਜਾਬ ਭਰ ਵਿੱਚ ‘ਕਾਂਗਰਸ ਗੱਦੀ ਛੱਡੋ ’ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਤਹਿਤ ਅੱਜ ਪਠਾਨਕੋਟ ਵਿੱਚ ਪਾਰਟੀ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਦੀ ਅਗਵਾਈ ਹੇਠ ‘ਕਾਂਗਰਸ ਗੱਦੀ ਛੱਡੋ ’ ਮੁਹਿੰਮ ਤਹਿਤ ਰੋਸ ਪ੍ਰਦਰਸ਼ਨ ਕੀਤਾ।ਭਾਜਪਾ ਆਗੂਆਂ ਨੇ ਕਿਹਾ ਕਿ ਸੂਬੇ 'ਚ ਕਾਂਗਰਸ ਦੀ ਸਰਕਾਰ ਬਣੇ ਕਰੀਬ 2 ਸਾਲ ਦਾ ਸਮਾਂ ਹੋ ਚੁੱਕਿਆ ਹੈ ਪਰ ਇਸ ਦੇ ਬਾਵਜੂਦ ਸੂਬਾ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦਿਆਂ 'ਤੇ ਖਰੀ ਉਤਰਦੀ ਨਹੀਂ ਦਿਖ ਰਹੀ।

ਇਸ ਦੌਰਾਨ ਭਾਜਪਾ ਆਗੂ 'ਕਾਂਗਰਸ ਭਜਾਓ-ਪੰਜਾਬ ਬਚਾਓ' ਅਤੇ ਕਾਂਗਰਸ ਗੱਦੀ ਛੱਡੋ ਦੇ ਬੈਨਰ ਹੱਥਾਂ ਵਿੱਚ ਲੈ ਸੜਕਾਂ 'ਤੇ ਉਤਰੇ ਅਤੇ ਸੂਬਾ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ।ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਸਮੇਤ ਹਲਕਾ ਪਠਾਨਕੋਟ ਦੇ ਸਾਬਕਾ ਵਿਧਾਇਕ ਅਸ਼ਵਨੀ ਸ਼ਰਮਾ, ਭੋਆ ਹਲਕਾ ਦੀ ਸਾਬਕਾ ਵਿਧਾਇਕ ਸੀਮਾ ਦੇਵੀ, ਸੁਜਾਨਪੁਰ ਤੋਂ ਵਿਧਾਇਕ ਦਿਨੇਸ਼ ਸਿੰਘ ਅਤੇ ਭਾਜਪਾ ਆਗੂ ਸਵਰਨ ਸਲਾਰੀਆ ਨੇ ਹਿੱਸਾ ਲਿਆ।

ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਕਾਂਗਰਸ ਸਰਕਾਰ ਹਰ ਗੱਲ 'ਤੇ ਖਜ਼ਾਨਾ ਖਾਲੀ ਹੋਣ ਦਾ ਹਵਾਲਾ ਦੇ ਰਹੀ ਹੈ, ਜਿਸ ਤੋਂ ਸਾਫ਼ ਜਾਹਿਰ ਹੁੰਦਾ ਹੈ ਕਿ ਸੂਬੇ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ।ਸੂਬੇ 'ਚ ਮਾਈਨਿੰਗ ਮਾਫੀਆ ਪੂਰੀ ਤਰਾਂ ਹਾਵੀ ਹੋ ਚੁੱਕਿਆ ਹੈ ਅਤੇ ਸਰਕਾਰ ਦਾ ਸਰਕਾਰੀ ਆਮਦਨ ਵੱਲ ਕੋਈ ਧਿਆਨ ਨਹੀਂ ਹੈ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਆਗੂ ਆਪਣਾ ਖਜ਼ਾਨਾ ਭਰਨ ਵਿੱਚ ਲੱਗੇ ਹੋਏ ਹਨ ਤੇ ਸੂਬਾ ਸਰਕਾਰ ਵੱਲੋਂ ਨਸ਼ੇ ਨੂੰ ਖਤਮ ਕਰਨ ਦੀ ਗੱਲ ਕੀਤੀ ਗਈ ਸੀ ਪਰ ਅੱਜ ਵੀ ਨਸ਼ਾ ਉਸੇ ਤਰਾਂ ਸੂਬੇ ਵਿੱਚ ਵਿਕ ਰਿਹਾ ਹੈ।ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦਿਨੋਂ-ਦਿਨ ਵੱਧ ਰਹੇ ਹਨ ਪਰ ਸੂਬਾ ਸਰਕਾਰ ਤੋਂ ਆਪਣਾ ਟੈਕਸ ਨਹੀਂ ਛੱਡਿਆ ਜਾ ਰਿਹਾ।

-PTCNews

Related Post