ਪਾਕਿਸਤਾਨ 'ਚ ਮਹਿੰਗਾਈ ਦੀ ਵੱਡੀ ਮਾਰ, 700 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਸਕਦੇ ਹਨ ਟਮਾਟਰ

By  Pardeep Singh August 29th 2022 10:52 AM -- Updated: August 29th 2022 12:33 PM

ਚੰਡੀਗੜ੍ਹ: ਪਾਕਿਸਤਾਨ 'ਚ ਆਏ ਹੜ੍ਹ ਕਾਰਨ ਕਈ ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ 'ਚ ਭਾਰੀ ਉਛਾਲ ਵੇਖਣ ਨੂੰ ਮਿਲਿਆ ਹੈ। ਪਾਕਿਸਤਾਨ ਸਰਕਾਰ ਭਾਰਤ ਤੋਂ ਟਮਾਟਰ ਤੇ ਪਿਆਜ਼ ਦੀ ਦਰਾਮਦ ਕਰ ਸਕਦੀ ਹੈ। ਐਤਵਾਰ ਨੂੰ ਲਾਹੌਰ ਦੇ ਬਾਜ਼ਾਰਾਂ 'ਚ ਟਮਾਟਰ 500 ਰੁਪਏ ਪ੍ਰਤੀ ਕਿਲੋ ਅਤੇ ਪਿਆਜ਼ 400 ਰੁਪਏ ਕਿਲੋ ਵਿਕ ਰਿਹਾ ਸੀ। ਹਾਲਾਂਕਿ ਐਤਵਾਰ ਨੂੰ ਦੋਵੇਂ ਸਬਜ਼ੀਆਂ ਪਿਛਲੇ ਦਿਨ ਦੇ ਮੁਕਾਬਲੇ 100 ਰੁਪਏ ਪ੍ਰਤੀ ਕਿਲੋ ਘੱਟ ਦੇ ਹਿਸਾਬ ਨਾਲ ਬਾਜ਼ਾਰਾਂ 'ਚ ਮਿਲੀਆਂ ਸਨ।

 

ਮਿਲੀ ਜਾਣਕਾਰੀ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਪਿਆਜ਼ ਅਤੇ ਟਮਾਟਰ ਦੀ ਕੀਮਤ 700 ਰੁਪਏ ਪ੍ਰਤੀ ਕਿਲੋ ਹੋ ਸਕਦੀ ਹੈ। ਇਸੇ ਤਰ੍ਹਾਂ ਆਲੂ ਦੀ ਕੀਮਤ 40 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 120 ਰੁਪਏ ਪ੍ਰਤੀ ਕਿਲੋ ਹੋ ਗਈ ਹੈ।ਦੱਸ ਦੇਈਏ ਕਿ ਹੜ੍ਹਾਂ ਕਾਰਨ ਬਲੋਚਿਸਤਾਨ ਅਤੇ ਸਿੰਧ ਵਿੱਚ ਹਜ਼ਾਰਾਂ ਏਕੜ ਵਿੱਚ ਫੈਲੀ ਫਸਲ ਤਬਾਹ ਹੋਣ ਕਾਰਨ ਮੰਡੀਆਂ ਵਿੱਚ ਸਬਜ਼ੀਆਂ ਦੀ ਸਪਲਾਈ ਘੱਟ ਹੈ।

ਪਾਕਿਸਤਾਨ 'ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 1000 ਨੂੰ ਪਾਰ ਕਰ ਗਈ ਹੈ। ਇਸ ਤੋਂ ਇਲਾਵਾ  3 ਕਰੋੜ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ਅਤੇ 10 ਲੱਖ ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਮਿਲੀ ਜਾਣਤਾਰੀ ਮੁਤਾਬਿਕ 14 ਜੂਨ 2022 ਤੋਂ ਹੋ ਰਹੀ ਬਾਰਸ਼ ਕਾਰਨ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆ ਗਏ ਸਨ। ਇਸ ਕਾਰਨ ਹੁਣ ਤੱਕ ਕਰੀਬ 1,033 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚ 207 ਔਰਤਾਂ ਅਤੇ 348 ਬੱਚੇ ਸ਼ਾਮਲ ਹਨ। ਹੁਣ ਤੱਕ 1500 ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਹਨ। ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ 119 ਲੋਕਾਂ ਦੀ ਜਾਨ ਚਲੀ ਗਈ ਹੈ, ਜਦਕਿ 71 ਲੋਕ ਜ਼ਖਮੀ ਦੱਸੇ ਜਾ ਰਹੇ ਹਨ। 24 ਘੰਟਿਆਂ ਦੇ ਇਸ ਅੰਕੜੇ ਵਿੱਚ ਸਭ ਤੋਂ ਵੱਧ ਮੌਤਾਂ ਸਿੰਧ ਸੂਬੇ ਵਿੱਚ ਹੋਈਆਂ ਹਨ।

 

ਇਹ ਵੀ ਪੜ੍ਹੋ:ਪਾਕਿਸਤਾਨ 'ਚ ਹੜ੍ਹ ਕਾਰਨ 1000 ਤੋਂ ਵਧੇਰੇ ਲੋਕਾਂ ਦੀ ਮੌਤ, 110 ਜ਼ਿਲ੍ਹੇ ਪ੍ਰਭਾਵਿਤ, ਅਰਬਾਂ ਰੁਪਏ ਦਾ ਨੁਕਸਾਨ

-PTC News

Related Post