ਕਾਂਗਰਸ ਨੂੰ ਲੱਗਾ ਵੱਡਾ ਝਟਕਾ, ਜਸਬੀਰ ਸਿੰਘ ਡਿੰਪਾ ਦੇ ਭਰਾ ਰਾਜਨ ਗਿੱਲ ਅਕਾਲੀ ਦਲ 'ਚ ਸ਼ਾਮਿਲ

By  Riya Bawa February 9th 2022 11:46 AM -- Updated: February 9th 2022 12:43 PM

ਅੰਮ੍ਰਿਤਸਰ - ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਜੋਰਾ-ਸ਼ੋਰਾਂ ਨਾਲ ਤਿਆਰੀਆਂ ਕਰ ਰਹੀਆਂ ਹਨ ਅਤੇ ਇਸ ਦੇ ਨਾਲ ਹੀ ਸਿਆਸੀ ਫੇਰਬਦਲੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸ ਵਿਚਾਲੇ ਅੱਜ ਮਾਝੇ 'ਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਜਦ ਪੁਰਾਣੇ ਟਕਸਾਲੀ ਕਾਂਗਰਸੀ ਗਿੱਲ ਪਰਿਵਾਰ (ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ) ਦੇ ਭਰਾ ਹਰਪਿੰਦਰ ਸਿੰਘ ਰਾਜਨ ਗਿੱਲ ਅੱਜ ਅਕਾਲੀ ਦਲ 'ਚ ਸ਼ਾਮਲ ਹੋ ਗਏ। ਇਸ ਦੇ ਨਾਲ ਹੀ ਕਈ ਕਾਂਗਰਸੀ ਆਗੂ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਜਨਵੀਰ ਸਿੰਘ ਗਿੱਲ ਨੂੰ ਪਾਰਟੀ ਵਿਚ ਸ਼ਾਮਲ ਹੋਣ 'ਤੇ ਨਿੱਘਾ ਸਵਾਗਤ ਕੀਤਾ ਹੈ। ਜ਼ਿਕਰਯੋਗ ਹੈ ਕਿ ਉਹ ਕਾਂਗਰਸ ਵੱਲੋਂ ਟਿਕਟ ਦੀ ਦਾਅਵੇਦਾਰੀ ਜਤਾ ਰਹੇ ਸਨ ਪਰ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ ਸੀ। ਮਿਲੀ ਜਾਣਕਾਰੀ ਦੇ ਮੁਤਾਬਿਕ ਜਸਬੀਰ ਸਿੰਘ ਡਿੰਪਾ ਦੇ ਬੇਟੇ ਗੁਰਸੰਤ ਉਪਦੇਸ਼ ਸਿੰਘ ਗਿੱਲ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਸਨ ਪਰ ਕਾਂਗਰਸ ਨੇ ਰਮਨਜੀਤ ਸਿੰਘ ਸਿੱਕੀ ਨੂੰ ਉਮੀਦਵਾਰ ਬਣਾਇਆ ਸੀ। ਇਸ ਤੋਂ ਡਿੰਪਾ ਦਾ ਪਰਿਵਾਰ ਨਾਰਾਜ ਚੱਲ ਰਿਹਾ ਸੀ। ਰਾਜਨ ਗਿੱਲ ਨੇ ਤਾਂ ਕਾਂਗਰਸੀ ਉਮੀਦਵਾਰ ਵਜੋਂ ਖਡੂਰ ਸਾਹਿਬ ਤੋਂ ਨਾਮਜਦਗੀ ਪੱਤਰ ਵੀ ਦਾਖਲ ਕਰ ਦਿੱਤੇ ਸਨ ਜੋ ਕਾਂਗਰਸ ਦੀ ਟਿਕਟ ਨਾ ਮਿਲਣ 'ਤੇ ਰੱਦ ਕਰ ਦਿੱਤੇ ਸਨ। ਰਾਜਨ ਗਿੱਲ ਦੇ ਪਰਿਵਾਰ ਦੀਆਂ ਆਮ ਆਦਮੀ ਪਾਰਟੀ 'ਚ ਵੀ ਜਾਣ ਦੀਆਂ ਚਰਚਾਵਾਂ ਸਨ ਜਿਸ ਨੂੰ ਅੱਜ ਵਿਰਾਮ ਲੱਗ ਗਿਆ। ਇਸ ਦੇ ਨਾਲ ਹੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮਾਝੇ ਦੀ ਸਿਆਸਤ 'ਚ ਅਕਾਲੀ ਦਲ ਨੂੰ ਪੂਰਾ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਚਾਰ ਪੀੜ੍ਹੀਆਂ ਤੋਂ ਕਾਂਗਰਸ 'ਚ ਰਹੇ ਡਿੰਪਾ ਪਰਿਵਾਰ ਦੇ ਰਾਜਨ ਗਿੱਲ ਆਪਣੇ ਸਾਥੀਆਂ ਸਮੇਤ ਅਕਾਲੀ ਦਲ 'ਚ ਸ਼ਾਮਲ ਹੋ ਗਏ। ਇਹ ਸਿਰਫ਼ ਇਕ ਟ੍ਰੇਲਰ ਹੈ। ਉਹ ਕਾਂਗਰਸ ਦੇ ਜ਼ਮੀਨੀ ਪੱਧਰ ਦੇ ਆਗੂ ਹਨ, ਜੋ ਲੋਕਾਂ ਦੇ ਦੁੱਖ-ਸੁੱਖ ਦੇ ਭਾਈਵਾਲ ਰਹੇ ਹਨ। ਇਸ ਦਾ ਫਾਇਦਾ ਅੰਮ੍ਰਿਤਸਰ ਅਤੇ ਤਰਨਤਾਰਨ ਦੀਆਂ ਸੀਟਾਂ ਨੂੰ ਹੋਵੇਗਾ। ਰਾਜਨ ਗਿੱਲ ਨੇ ਕਿਹਾ ਕਿ ਮੇਰੇ ਦਾਦਾ ਗੁਰਦਿੱਤ ਸਿੰਘ ਸ਼ਾਹ ਦੇ ਸਮੇਂ ਤੋਂ ਕਾਂਗਰਸ 'ਚ ਸਨ। -PTC News

Related Post