ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾ ਦੌਰਾਨ ਨਿਕਲੇ ਇਮਾਰਤੀ ਢਾਂਚੇ ਨੂੰ ਹੂਬਹੂ ਹਾਲਤ ਵਿਚ ਰੱਖਿਆ ਹੋਇਆ ਸੁਰੱਖਿਅਤ

By  Shanker Badra August 8th 2021 10:43 AM

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਪੱਸ਼ਟ ਕੀਤਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਨਜ਼ਦੀਕ ਜੋੜਾ ਘਰ ਅਤੇ ਵਹੀਕਲ ਸਟੈਂਡ ਦੀ ਕਾਰ ਸੇਵਾ ਦੌਰਾਨ ਖੋਦਾਈ ਸਮੇਂ ਨਿਕਲੇ ਇਮਾਰਤੀ ਢਾਂਚੇ ਨੂੰ ਹੂਬਹੂ ਹਾਲਤ ਵਿਚ ਸੁਰੱਖਿਅਤ ਰੱਖਿਆ ਹੋਇਆ ਹੈ ਅਤੇ ਇਸ ਦੀ ਜਾਂਚ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਿਦਵਾਨਾਂ ਨਾਲ ਰਾਬਤਾ ਬਣਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਇਮਾਰਤ ਨੂੰ ਸ਼੍ਰੋਮਣੀ ਕਮੇਟੀ ਨੇ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਨਹੀਂ ਪਹੁੰਚਾਇਆ, ਸਗੋਂ ਇਸ ਦੇ ਸਾਹਮਣੇ ਆਉਣ ਮਗਰੋਂ ਇਸ ਨੂੰ ਸੁਰੱਖਿਅਤ ਕੀਤਾ ਗਿਆ ਹੈ। ਇਸ ਦੇ ਘੇਰੇ ਨੂੰ ਛੱਡ ਕੇ ਹੀ ਕਾਰਸੇਵਾ ਚੱਲ ਰਹੀ ਹੈ ਅਤੇ ਇਸ ਦੇ ਇਤਿਹਾਸ ਅਤੇ ਪੁਰਾਤਨਤਾ ਨੂੰ ਜਾਣਨ ਲਈ ਯਤਨ ਜਾਰੀ ਹਨ। ਮੁੱਖ ਸਕੱਤਰ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਬਾਰੇ ਜਾਂਚ ਮੁਕੰਮਲ ਹੋਣ ’ਤੇ ਇਸ ਨੂੰ ਸੰਭਾਲਣ ਲਈ ਕਾਰਵਾਈ ਕਰੇਗੀ।

ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ਵਿਚ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਦੀ ਹੈ ਅਤੇ ਰਿਪੋਰਟ ਦੇ ਨਾਲ-ਨਾਲ ਸੰਗਤ ਦੀਆਂ ਭਾਵਨਾਵਾਂ ਨੂੰ ਵੀ ਸਾਹਮਣੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਨੂੰ ਲੈ ਕੇ ਸਰਕਾਰ ਨਾਲ ਲਗਾਤਾਰ ਰਾਬਤਾ ਬਣਾਇਆ ਹੋਇਆ ਅਤੇ ਆਸ ਹੈ ਕਿ ਜਲਦ ਹੀ ਇਸ ਨੂੰ ਸੰਭਾਲਣ ਬਾਰੇ ਫੈਸਲਾ ਕਰ ਲਿਆ ਜਾਵੇਗਾ।

-PTCNews

Related Post