ਪੰਜਾਬੀ ਫਿਲਮ 'ਸ਼ੂਟਰ' 'ਤੇ ਪੰਜਾਬ ਸਰਕਾਰ ਨੇ ਲਾਈ ਰੋਕ, ਜਾਣੋ ਵਜ੍ਹਾ

By  Jashan A February 9th 2020 10:53 AM -- Updated: February 9th 2020 02:14 PM

ਚੰਡੀਗੜ੍ਹ: ਗੈਂਗਸਟਰ ਸੁੱਖਾ ਕਾਹਲਵਾ ਦੀ ਜ਼ਿੰਦਗੀ 'ਤੇ ਬਣੀ ਫਿਲਮ ਸ਼ੂਟਰ ਨਾਲ ਸਬੰਧਿਤ ਵੱਡੀ ਖਬਰ ਆ ਰਹੀ ਹੈ। ਦਰਅਸਲ, ਪੰਜਾਬ ਸਰਕਾਰ ਨੇ ਇਸ ਫਿਲਮ 'ਤੇ ਰੋਕ ਲਗਾ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਿਲਮ 'ਤੇ ਬੈਨ ਲਗਾਉਣ ਦੇ ਹੁਕਮ ਦੇ ਦਿੱਤੇ ਹਨ। ਫਿਲਮ ਜ਼ਰੀਏ ਹਿੰਸਾ, ਅਪਰਾਧ ਅਤੇ ਗੈਂਗਸਟਰ ਕਲਚਰ ਨੂੰ ਵਧਾਵਾ ਦੇਣ ਦੇ ਇਲਜ਼ਾਮ ਲੱਗ ਰਹੇ ਹਨ।

ਮੁੱਖ ਮੰਤਰੀ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਉਹ ਇਹ ਵੀ ਵੇਖਣ ਕਿ ਫ਼ਿਲਮ ਦੇ ਨਿਰਮਾਤਾ ਕੇ.ਵੀ. ਢਿੱਲੋਂ ਵਿਰੁੱਧ ਕੀ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ ਜਿਸ ਨੇ 2019 ਵਿੱਚ ਇਹ ਕਿਹਾ ਸੀ ਕਿ ਉਹ ‘ਸੁੱਖਾ ਕਾਹਲਵਾ’ ਟਾਈਟਲ ਹੇਠ ਫ਼ਿਲਮ ਬਣਾਏਗਾ।

ਡੀਜੀਪੀ ਨੂੰ ਇਹ ਵੀ ਕਿਹਾ ਹੈ ਕਿ ਉਹ ਫ਼ਿਲਮ ਵਿੱਚ ਪ੍ਰਮੋਟਰਾਂ, ਡਾਇਰੈਕਟਰ ਤੇ ਐਕਟਰਾਂ ਦੇ ਰੋਲ ਬਾਰੇ ਵੀ ਦੇਖਣ।ਸਰਕਾਰੀ ਬੁਲਾਰੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਅਜਿਹੇ ਕਿਸੀ ਫ਼ਿਲਮ, ਗਾਣੇ ਆਦਿ ਨੂੰ ਚਲਾਉਣ ਦੀ ਆਗਿਆ ਨਹੀਂ ਦੇਵੇਗੀ।

ਡੀਜੀਪੀ ਨੇ ਖੁਲਾਸਾ ਕੀਤਾ ਕਿ ਪੰਜਾਬ ਵਿੱਚ ਵਿਵਾਦਤ ਫਿਲਮ 'ਤੇ ਪਾਬੰਦੀ ਦਾ ਮਾਮਲਾ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਵਿੱਚ ਵਿਚਾਰਿਆ ਗਿਆ ਸੀ, ਜਿਸ ਵਿੱਚ ਏਡੀਜੀਪੀ ਇੰਟੈਲੀਜੈਂਸ ਵਰਿੰਦਰ ਕੁਮਾਰ ਵੀ ਹਾਜ਼ਰ ਸਨ ਅਤੇ ਇਹ ਫੈਸਲਾ ਕੀਤਾ ਗਿਆ ਕਿ ਫਿਲਮ ਉਤੇ ਪਾਬੰਦੀ ਲਗਾਈ ਜਾਵੇ ਜਿਸ ਦਾ ਟਰੇਲਰ 18 ਜਨਵਰੀ ਨੂੰ ਰਿਲੀਜ਼ ਹੋਇਆ ਹੈ। ਮੀਟਿੰਗ ਵਿੱਚ ਇਹ ਸੁਝਾਅ ਦਿੱਤਾ ਗਿਆ ਕਿ ਇਹ ਫਿਲਮ ਬਹੁਤ ਹੀ ਹਿੰਸਕ ਹੈ।

ਏਡੀਜੀਪੀ ਨੇ ਅੱਗੇ ਕਿਹਾ ਕਿ ਇਹ ਦੇਖਦਿਆਂ ਕਿ ਇਸ ਫਿਲਮ ਦਾ ਨੌਜਵਾਨਾਂ ਉਤੇ ਮਾੜਾ ਅਸਰ ਹੋ ਸਕਦਾ ਅਤੇ ਇਸ ਫਿਲਮ ਨਾਲ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ, ਵਧੀਕ ਮੁੱਖ ਸਕੱਤਰ ਗ੍ਰਹਿ ਮਾਮਲੇ ਤੇ ਨਿਆਂ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ, "ਪੰਜਾਬ ਵਿੱਚ ਇਸ ਫਿਲਮ ਨੂੰ ਰਿਲੀਜ਼ ਅਤੇ ਦਿਖਾਉਣ ਉਤੇ ਪਾਬੰਦੀ ਲਗਾ ਦਿੱਤੀ ਜਾਵੇ।"

ਇਸ ਤੋਂ ਪਹਿਲਾ ਮੁਹਾਲੀ ਪੁਲਿਸ ਕੋਲ ਇਸ ਫਿਲਮ ਰਾਹੀਂ ਗੈਂਗਸਟਰ ਸੁੱਖਾ ਕਾਹਲਵਾ ਨੂੰ ਹੀਰੋ ਵਜੋਂ ਪੇਸ਼ ਕਰਨ ਦੀ ਸ਼ਿਕਾਇਤ ਮਿਲੀ ਸੀ, ਜਿਸ ਵਿੱਚ ਫਿਲਮ ਦੇ ਨਿਰਮਾਤਾ ਨੇ ਗੈਂਗਸਟਰ ਨੂੰ ਸ਼ਾਰਪ ਸ਼ੂਟਰ ਵਜੋਂ ਪੇਸ਼ ਕੀਤਾ ਹੈ ,ਜਿਸ ਵਿਰੁੱਧ ਕਤਲ, ਅਗਵਾ ਤੇ ਫਿਰੌਤੀ ਮਾਮਲਿਆਂ ਸਣੇ 20 ਤੋਂ ਵੱਧ ਕੇਸ ਦਰਜ ਹਨ।ਉਸ ਨੂੰ ਗੈਂਗਸਟਰ ਵਿੱਕੀ ਗੌਡਰ ਤੇ ਉਸ ਦੇ ਸਾਥੀਆਂ ਨੇ 22 ਜਨਵਰੀ 2015 ਨੂੰ ਮਾਰ ਦਿੱਤਾ ਸੀ ਜਦੋਂ ਉਸ ਨੂੰ ਜਲੰਧਰ ਵਿੱਚ ਸੁਣਵਾਈ ਲਈ ਪਟਿਆਲਾ ਜੇਲ੍ਹ ਤੋਂ ਲਿਆਂਦਾ ਜਾ ਰਿਹਾ ਸੀ।

ਆਪਣੇ ਪੱਤਰ ਵਿੱਚ ਢਿੱਲੋਂ ਨੇ ਮੁਹਾਲੀ ਦੇ ਐਸ ਐਸ ਪੀ ਨੂੰ ਲਿਖਿਆ ਸੀ, "ਜੇ ਤੁਹਾਡਾ ਇਹ ਵਿਚਾਰ ਹੈ ਕਿ ਇਸ ਫਿਲਮ ਨਾਲ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ ਤਾਂ ਮੈਂ ਫਿਲਮ ਦੇ ਪ੍ਰਾਜੈਕਟ ਨੂੰ ਬੰਦ ਕਰ ਦਿੰਦਾ ਹਾਂ।" ਡੀਜੀਪੀ ਅਨੁਸਾਰ ਫਿਲਮ ਦੇ ਨਿਰਮਾਤਾ ਨੇ ਫਿਲਮ ਦਾ ਪ੍ਰਾਜੈਕਟ ਰੱਦ ਕਰਨ ਦੀ ਬਜਾਏ ਇਸ ਉਤੇ ਕੰਮ ਜਾਰੀ ਰੱਖਿਆ ਅਤੇ ਹੁਣ 21 ਫਰਵਰੀ ਨੂੰ ਨਵੇਂ ਟਾਈਟਲ ਅਤੇ ਨਵੇਂ ਨਾਮ ਹੇਠ ਉਸੇ ਫਿਲਮ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।

Updating...

-PTC News

Related Post