ਕੈਪਟਨ ਅਮਰਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ, ਪੜ੍ਹੋ ਕੀ ਆਈ ਰਿਪੋਰਟ

By  Shanker Badra July 15th 2020 06:26 PM

ਕੈਪਟਨ ਅਮਰਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ, ਪੜ੍ਹੋ ਕੀ ਆਈ ਰਿਪੋਰਟ:ਚੰਡੀਗੜ੍ਹ : ਆਪਣੇ ਸਹਿਯੋਗੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਕੋਵਿਡ ਟੈਸਟ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਇਕ ਦਿਨ ਪਿੱਛੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸਮੂਹ ਮੰਤਰੀਆਂ, ਵਿਧਾਇਕਾਂ ਅਤੇ ਵਿਭਾਗੀ ਸਕੱਤਰਾਂ ਨੂੰ ਕਰੋਨਾ ਵਾਇਰਸ ਸਬੰਧੀ ਆਪਣੀ ਜਾਂਚ ਕਰਵਾਉਣ ਲਈ ਕਿਹਾ ਹੈ।

ਇਕ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਨੇ ਵੀ ਆਪਣਾ ਕੋਵਿਡ ਟੈਸਟ ਕਰਵਾਇਆ ਅਤੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਦੋ ਹੋਰ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਅਰੁਣਾ ਚੌਧਰੀ ਨੇ ਵੀ ਅੱਜ ਆਪਣਾ ਕੋਵਿਡ ਟੈਸਟ ਕਰਵਾਇਆ ਜਦੋਂ ਕਿ ਕੁਝ ਨੇ ਬੀਤੇ ਦਿਨ ਇਹ ਟੈਸਟ ਕਰਵਾ ਲਿਆ ਸੀ। ਕਾਂਗਰਸ ਦੇ ਦੋ ਵਿਧਾਇਕਾਂ ਨੇ ਵੀ ਅੱਜ ਇਹ ਟੈਸਟ ਕਰਵਾਇਆ। ਇਨ੍ਹਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਕੈਪਟਨ ਅਮਰਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ, ਪੜ੍ਹੋ ਕੀ ਆਈ ਰਿਪੋਰਟ

ਕੈਬਨਿਟ ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਰੇ ਮੰਤਰੀਆਂ ਅਤੇ ਵੱਖੋ-ਵੱਖਰੇ ਵਿਭਾਗਾਂ ਦੇ ਅਧਿਕਾਰੀਆਂ ਖਾਸ ਕਰਕੇ ਉਹ ਜੋ ਕਿ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਆਈ.ਏ.ਐਸ./ਪੀ.ਸੀ.ਐਸ. ਅਧਿਕਾਰੀਆਂ ਦੇ ਸੰਪਰਕ ਵਿੱਚ ਆਏ ਹੋਣ, ਨੂੰ ਵੀ ਆਪਣੀ ਕੋਵਿਡ ਜਾਂਚ ਕਰਵਾ ਲੈਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਤ੍ਰਿਪਤ ਰਜਿੰਦਰ ਬਾਜਵਾ ਠੀਕ ਠਾਕ ਹਨ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਨਤਕ ਤੌਰ 'ਤੇ ਵਿਚਰਨ ਸਮੇਂ ਮੰਤਰੀਆਂ ਅਤੇ ਹੋਰਨਾਂ ਨੂੰ ਬਹੁਤ ਹੀ ਜ਼ਿਆਦਾ ਸਾਵਧਾਨੀ ਵਰਤਣੀ ਚਾਹੀਦੀ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਲੋਕਾਂ ਨੂੰ ਕਰੋਨਾ ਵਾਇਰਸ ਦੇ ਪਹਿਲੇ ਲੱਛਣ ਮਿਲਣ 'ਤੇ ਹੀ ਜਾਂ ਇਸ ਦੀ ਲਾਗ ਦਾ ਸ਼ੱਕ ਪੈਣ 'ਤੇ ਆਪਣਾ ਟੈਸਟ ਕਰਵਾ ਲੈਣ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਹੈ ਕਿ ਇਸ ਰੋਗ ਦਾ ਛੇਤੀ ਪਤਾ ਲੱਗਣ ਨਾਲ ਇਸ ਤੋਂ ਮੁਕਤੀ ਪਾਉਣ ਅਤੇ ਮੌਤਾਂ ਦੀ ਦਰ ਘਟਾਉਣ ਵਿੱਚ ਸਹਾਇਤਾ ਮਿਲ ਸਕਦੀ ਹੈ।

-PTCNews

Related Post