CBSE ਪੰਜਾਬੀ ਨੁੰ ਮਾਮੂਲੀ ਵਿਸ਼ਾ ਬਣਾਉਣ ਦਾ ਫੈਸਲਾ ਵਾਪਸ ਲਵੇ: ਅਕਾਲੀ ਦਲ

By  Riya Bawa October 22nd 2021 10:10 AM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ ਬੀ ਐਸ ਈ) ਨੂੰ ਆਖਿਆ ਕਿ ਉਹ 10ਵੀਂ ਤੇ 12ਵੀਂ ਕਲਾਸ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਲਈ ਪੰਜਾਬੀ ਨੂੰ ਮਾਮੂਲੀ ਵਿਸ਼ਾ ਬਣਾਉਣ ਬਾਰੇ ਆਪਣਾ ਫੈਸਲਾ ਵਾਪਸ ਲਵੇ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹਿਹ ਫੈਸਲਾ ਸੰਵਿਧਾਨ ਦੀ ਉਸ ਭਾਵਨਾ ਦੇ ਖਿਲਾਫ ਹੈ ਜਿਸ ਸਦਕਾ ਸੂਬਾਈ ਭਾਸ਼ਾਵਾਂ ਦੇ ਨਾਲ ਨਾਲ ਸੂਬਾਈ ਭਾਸ਼ਾਵਾਂ ਨੂੰ ਉਹਨਾਂ ਦੇ ਸੰਬੰਧਤ ਸੂਬਿਆਂ ਵਿਚ ਮੁੱਖ ਤਰਜੀਹ ਦਿੰਦੇ ਸੰਘੀ ਸਿਧਾਂਤਾਂ ਨੂੰ ਵੀ ਮਹੱਤਤ ਦਿੰਤੀ ਗਈ ਹੈ।

ਉਹਨਾਂ ਕਿਹਾ ਕਿ ਪੰਜਾਬੀ ਦਾ ਦਰਜਾ ਘੱਟ ਕਰ ਕੇ ਮਾਮੂਲੀ ਵਿਸ਼ਾ ਬਣਾ ਕੇ ਸੀ ਬੀ ਐਸ ਈ ਨੇ ਨਾ ਸਿਰਫ ਭਾਸ਼ਾ ਪ੍ਰਤੀ ਅਸੇਵਾ ਕੀਤੀ ਹੈ ਬਲਕਿ ਉਹਨਾਂ ਵਿਦਿਆਰਥੀਆਂ ਨੂੰ ਵੀ ਇਕ ਮੌਕੇ ਤੋਂ ਵਾਂਝਾ ਕਰ ਦਿੱਤਾ ਹੈ ਜੋ ਇਸ ਨੂੰ ਪ੍ਰਮੁੱਖ ਵਿਸ਼ਾ ਬਣਾਉਣਾ ਚਾਹੁੰਦੇ ਸਨ।

ਡਾ. ਚੀਮਾ ਨੇ ਕਿਹਾ ਕਿ ਸੀ ਬੀ ਐਸ ਈ ਨੂੰ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਹੈ ਕਿ ਪੰਜਾਬ ਲੈਂਗੂਏਜ ਐਕਟ ਤਹਿਤ ਪੰਜਾਬੀ ਇਕ ਪ੍ਰਮੁੱਖ ਤੇ ਲਾਜ਼ਮੀ ਵਿਸ਼ਾ ਹੈ। ਉਹਨਾਂ ਕਿਹਾ ਕਿ ਸੀ ਬੀ ਐਸ ਈ ਨੂੰ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ ਜਿਸ ਨਾਲ ਪੰਜਾਬੀ ਦੇ ਪੰਜਾਬ ਵਿਚ ਸਰਕਾਰੀ ਭਾਸ਼ਾ ਦੇ ਰੁਤਬੇ ਨੁੰ ਖੋਰਾ ਲੱਗਦਾ ਹੋਵੇ।

ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਫੈਸਲੇ ਨਾਲ ਇਹ ਸੰਕੇਤ ਗਿਆ ਹੈ ਕਿ ਕੇਂਦਰ ਸਰਕਾਰ ਵਿਦਿਆਰਥੀਆਂ ਤੋਂ ਉਹਨਾਂ ਦੀ ਮਾਂ ਬੋਲੀ ਪ੍ਰਤੀ ਪਾਸੇ ਕਰਨਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਇਸ ਪ੍ਰਭਾਵਤ ਨੁੰ ਇਸ ਫੈਸਲੇ ਦੀ ਸਮੀਖਿਆ ਕਰ ਕੇ ਤੁਰੰਤ ਦਰੁੱਸਤ ਕੀਤਾ ਜਾਣਾ ਚਾਹੀਦਾ ਹੈ।

-PTC News

Related Post