ਚੰਡੀਗੜ੍ਹ 'ਚ ਕੋਰੋਨਾ ਪੀੜਤ ਮਹਿਲਾ ਦੇ 3 ਪਰਿਵਾਰਕ ਮੈਂਬਰਾਂ ਦੀ ਰਿਪੋਰਟ ਆਈ ਪਾਜ਼ੀਟਿਵ, ਮਰੀਜ਼ਾਂ ਦੀ ਗਿਣਤੀ ਹੋਈ 26

By  Shanker Badra April 19th 2020 11:31 AM

ਚੰਡੀਗੜ੍ਹ 'ਚ ਕੋਰੋਨਾ ਪੀੜਤ ਮਹਿਲਾ ਦੇ 3 ਪਰਿਵਾਰਕ ਮੈਂਬਰਾਂ ਦੀ ਰਿਪੋਰਟ ਆਈ ਪਾਜ਼ੀਟਿਵ, ਮਰੀਜ਼ਾਂ ਦੀ ਗਿਣਤੀ ਹੋਈ 26:ਚੰਡੀਗੜ੍ਹ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਚੰਡੀਗੜ੍ਹ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ 'ਚ ਸਭ ਤੋਂ ਜ਼ਿਆਦਾ ਮਾਮਲੇ ਮੋਹਾਲੀ -ਚੰਡੀਗੜ੍ਹ 'ਚ ਪਾਏ ਜਾ ਰਹੇ ਹਨ। ਇਸ ਦੌਰਾਨ ਚੰਡੀਗੜ੍ਹ 'ਚ ਅੱਜ 3 ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ ਪਾਏ ਗਏ ਹਨ। ਇਸ ਦੇ ਨਾਲ ਹੀ ਚੰਡੀਗੜ੍ਹ 'ਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ ਵਧ ਕੇ 26 ਹੋ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ -30 ਦੀ ਰਹਿਣ ਵਾਲੀ ਕੋਰੋਨਾ ਪੀੜਤ 53 ਸਾਲਾ ਮਹਿਲਾ ਦੇ ਹੁਣ 3 ਪਰਿਵਾਰਿਕ ਮੈਂਬਰ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਹੁਣ ਉਸਦੇ ਪਤੀ,ਬੇਟੇ ਅਤੇ ਪੋਤਰੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜਿਸ ਤੋਂ ਬਾਅਦ ਇਹ ਸਾਰੇ ਮਰੀਜ਼ ਸੈਕਟਰ -16 ਦੇ ਹਸਪਤਾਲ 'ਚ ਦਾਖ਼ਲ ਹਨ।

ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਨੂੰ ਕੋਰੋਨਾ ਹੌਟਸਪੌਟ ਐਲਾਨੇ ਜਾਣ ਤੋਂ ਬਾਅਦ ਹੁਣ ਮਹਾਂਮਾਰੀ ਗ੍ਰਸਤ ਖੇਤਰ (ਕੰਟੇਨਮੈਂਟ ਜ਼ੋਨ) ਐਲਾਨ ਦਿੱਤਾ ਗਿਆ ਹੈ। ਜਲਦ ਹੀ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਨੂੰ ਕੰਟੇਨਮੈਂਟ ਜ਼ੋਨ ਸਬੰਧੀ ਗਾਇਡਲਾਈਨਜ਼ ਜਾਰੀ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਸਖ਼ਤੀ ਹੋ ਵਰਤੀ ਜਾਵੇਗੀ। ਕਿਸੇ ਵੀ ਤਰ੍ਹਾਂ ਦੀ ਕੋਈ ਛੋਟ ਨਹੀਂ ਦਿੱਤੀ ਜਾਵੇਗੀ।

ਜੇਕਰ ਕਿਸੇ ਇਲਾਕੇ 'ਚ ਕੋਈ ਕੋਰੋਨਾ ਦਾ ਮਰੀਜ਼ ਸਾਹਮਣੇ ਆਵੇਗਾ ਤਾਂ ਉਸ ਨੂੰ ਪੂਰਾ ਸੀਲ ਕਰ ਦਿੱਤਾ ਜਾਵੇਗਾ। ਉਸ ਇਲਾਕੇ 'ਚ ਫਲ-ਸਬਜ਼ੀਆਂ ਦੀ ਸਪਲਾਈ ਬੰਦ ਹੋ ਸਕਦੀ ਹੈ। ਡੋਰ-ਟੂ-ਡੋਰ ਕੋਈ ਚੀਜ਼ ਨਹੀਂ ਮੁਹੱਈਆ ਕਰਵਾਈ ਜਾਵੇਗੀ। ਗਾਇਡਲਾਈਨਜ਼ ਜਾਰੀ ਕਰਨ ਤੋਂ ਬਾਅਦ ਸ਼ਹਿਰ ਦਾ ਕੋਈ ਵੀ ਵਿਅਕਤੀ ਆਪਣੇ ਸੈਕਟਰ ਜਾਂ ਰਿਹਾਇਸ਼ੀ ਸਥਾਨ ਦੇ ਘੇਰੇ ਨੂੰ ਛੱਡ ਕੇ ਬਾਹਰ ਕਿਸੇ ਸੈਕਟਰ ਜਾਂ ਜਨਤਕ ਥਾਂ 'ਤੇ ਨਹੀਂ ਜਾ ਸਕੇਗਾ।

-PTCNews

Related Post