ਮੁੱਖ ਮੰਤਰੀ ਚਰਨਜੀਤ ਚੰਨੀ ਨੇ ਮੁਲਾਕਾਤ ਦੌਰਾਨ PM ਮੋਦੀ ਅੱਗੇ ਰੱਖੀਆਂ ਇਹ ਤਿੰਨ ਗੱਲਾਂ

By  Riya Bawa October 1st 2021 05:50 PM -- Updated: October 1st 2021 06:01 PM

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪਹਿਲੀ ਵਾਰ ਮੀਟਿੰਗ ਕੀਤੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਵਿਚ ਝੋਨੇ ਦੀ ਫ਼ਸਲ ਦੀ ਖਰੀਦ ਨੂੰ ਲੈ ਕੇ ਅਤੇ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ 'ਤੇ ਵਿਚਾਰ ਕੀਤੀ। ਸੀਐਮ ਚੰਨੀ ਅਤੇ ਪੀਐਮ ਮੋਦੀ ਦੀ ਵਿੱਚ ਇਹ ਮੁਲਾਕਾਤ ਲਗਭਗ ਇੱਕ ਘੰਟੇ ਤੱਕ ਚੱਲੀ। ਇਸ ਮੁਲਾਕਾਤ ਤੋਂ ਮੁੱਖ ਮੰਤਰੀ ਚੰਨੀ ਮੀਡੀਆ ਦੇ ਰੂ-ਬ-ਰੂ ਹੋਏ।

ਉਨ੍ਹਾਂ ਕਿਹਾ, "ਪੀਐਮ ਮੋਦੀ ਨਾਲ ਚੰਗੇ ਮਾਹੌਲ ਵਿੱਚ ਗੱਲ ਬਾਤ ਹੋਈ।ਮੈਂ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਅੱਗੇ ਤਿੰਨ ਗੱਲਾਂ ਰੱਖੀਆਂ। ਪਹਿਲਾ ਝੋਨੇ ਦੀ ਖ਼ਰੀਦ ਤੁਰੰਤ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਦਰਅਸਲ 'ਚ ਕੇਂਦਰ ਸਰਕਾਰ ਨੇ ਝੋਨੇ ਦੀ ਖਰੀਦ ਵਿਚ ਅਚਾਨਕ 10 ਦਿਨ ਦੀ ਦੇਰੀ ਕਰ ਦਿੱਤੀ ਹੈ, ਜਿਸ ਕਾਰਨ ਕਿਸਾਨ ਖੱਜਲ-ਖੁਆਰ ਹੋ ਰਹੇ ਹਨ। ਹਾਲਾਂਕਿ ਮੁੱਖ ਮੰਤਰੀ ਚੰਨੀ ਨੇ ਇੱਕ ਪੱਤਰ ਲਿਖ ਕੇ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਦੇ ਦਖਲ ਦੀ ਮੰਗ ਕੀਤੀ ਸੀ।

ਕਾਰਨ ਦੱਸਿਆ ਜਾ ਰਿਹਾ ਹੈ ਕਿ ਹਾਲ ਹੀ ਵਿਚ ਹੋਈ ਬਾਰਿਸ਼ ਦੇ ਕਾਰਨ ਝੋਨੇ ਵਿੱਚ ਨਮੀ ਹੈ ਅਤੇ ਇਸ ਨੂੰ ਖਰੀਦਿਆ ਨਹੀਂ ਜਾ ਸਕਦਾ। ਜਦੋਂ ਕਿ ਮੁੱਖ ਮੰਤਰੀ ਚੰਨੀ ਦਾ ਕਹਿਣਾ ਹੈ ਕਿ ਮੀਂਹ ਦਾ ਅਜਿਹਾ ਕੋਈ ਪ੍ਰਭਾਵ ਨਹੀਂ ਹੈ। ਦੱਸ ਦਈਏ ਕਿ ਇਸ ਵਾਰ ਸੂਬੇ ਵਿਚ ਝੋਨੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋਣੀ ਸੀ।

ਦੂਜਾ ਇਸ ਮੁਲਾਕਾਤ ਵਿਚ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਕੋਲ ਕੋਰੋਨਾ ਦੀ ਵਜ੍ਹਾ ਕਾਰਨ ਬੰਦ ਸ੍ਰੀ ਕਰਤਾਰਪੁਰ ਸਾਹਿਬ ਕੌਰੀਡੋਰ ਤੁਰੰਤ ਖੋਲ੍ਹਣ ਦੀ ਮੰਗ ਕੀਤੀ ਹੈ। ਚੰਨੀ ਨੇ ਕਿਹਾ, "ਕਰਤਾਰਪੁਰ ਲਾਂਘਾ ਤੁਰੰਤ ਖੋਲ੍ਹਿਆ ਜਾਣਾ ਚਾਹੀਦਾ ਹੈ ਤਾਂ ਜੋ ਸ਼ਰਧਾਲੂ ਉੱਥੇ ਦਰਸ਼ਨ ਲਈ ਜਾ ਸਕਣ।"

ਤੀਜਾ CM ਚੰਨੀ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਤਿੰਨ ਖੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ। ਮੈਂ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੇ ਵਿਰੋਧ ਦੇ ਮਾਮਲੇ ਨੂੰ ਸੁਲਝਾਉਣ ਅਤੇ ਵਿਰੋਧ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਦੁਬਾਰਾ ਸ਼ੁਰੂ ਕਰਨ ਲਈ ਕਿਹਾ ਹੈ। ਗੱਲਬਾਤ ਨਾਲ ਹੀ ਇਹ ਮਸਲੇ ਦਾ ਹੱਲ ਹੋਏਗਾ। ਪੰਜਾਬ ਖੇਤੀ ਪ੍ਰਦਾਨ ਸੂਬਾ ਹੈ।ਪੰਜਾਬ ਵੀ ਤਾਂ ਹੀ ਅੱਗੇ ਵਧੇਗਾ ਜੇ ਪੰਜਾਬ ਦੇ ਕਿਸਾਨ ਖੁਸ਼ਹਾਲ ਹੋਣਗੇ।ਇਸ ਲਈ ਕਿਸਾਨਾਂ ਦਾ ਮਸਲਾ ਜਲਦੀ ਹੱਲ ਹੋਵੇ।"

-PTC News

Related Post