ਕਾਂਗਰਸੀ ਕੌਂਸਲਰ ਮਿੱਠੂ ਮਦਾਨ ਜੇ ਦੋਸ਼ੀ ਨਹੀਂ ਤਾਂ ਕਿਉਂ ਹੋਇਆ ਪਰਿਵਾਰ ਸਮੇਤ ਫ਼ਰਾਰ ?

By  Shanker Badra October 22nd 2018 11:10 AM

ਕਾਂਗਰਸੀ ਕੌਂਸਲਰ ਮਿੱਠੂ ਮਦਾਨ ਜੇ ਦੋਸ਼ੀ ਨਹੀਂ ਤਾਂ ਕਿਉਂ ਹੋਇਆ ਪਰਿਵਾਰ ਸਮੇਤ ਫ਼ਰਾਰ ?:ਅੰਮ੍ਰਿਤਸਰ 'ਚ ਧੋਬੀ ਘਾਟ ਦੇ ਨਜ਼ਦੀਕ ਜੌੜਾ ਫ਼ਾਟਕ 'ਤੇ ਦੁਸਹਿਰੇ ਮੌਕੇ ਵੱਡਾ ਰੇਲ ਹਾਦਸਾ ਵਾਪਰਿਆ ਸੀ।ਇਸ ਹਾਦਸੇ ਕਾਰਨ ਲਗਭਗ 59 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 100 ਦੇ ਕਰੀਬ ਲੋਕ ਜ਼ਖਮੀ ਹੋ ਗਏ ਸਨ ,ਜੋ ਸਥਾਨਕ ਹਸਪਤਾਲਾਂ 'ਚ ਜ਼ੇਰੇ ਇਲਾਜ ਹਨ।ਇਸ ਹਾਦਸੇ ਤੋਂ ਬਾਅਦ ਦੁਸਹਿਰੇ ਦੇ ਪ੍ਰੋਗਰਾਮ ਦਾ ਆਯੋਜਨ ਕਰਨ ਵਾਲਾ ਕਾਂਗਰਸੀ ਕੌਂਸਲਰ ਸੌਰਵ ਮਦਾਨ ਉਰਫ਼ ਮਿੱਠੂ ਆਪਣੇ ਪਰਿਵਾਰ ਸਮੇਤ ਫ਼ਰਾਰ ਹੋ ਗਿਆ ਹੈ।ਜਿਸ ਦੀ ਇੱਕ ਸੀਸੀਟੀਵੀ ਦੀ ਫ਼ੂਟੇਜ ਵੀ ਸਾਹਮਣੇ ਆਈ ਹੈ ਜੋ ਕਿ ਦੁਸਹਿਰਾ ਪ੍ਰੋਗਰਾਮ ਤੋਂ ਬਾਅਦ ਦੀ ਹੈ।ਇਸ ਵੀਡਿਓ 'ਚ ਮਿੱਠੂ ਰੇਲ ਹਾਦਸੇ ਤੋਂ ਬਾਅਦ ਆਪਣੀ ਗੱਡੀ 'ਚ ਬੈਠ ਕੇ ਭੱਜਦਾ ਹੋਇਆ ਕੈਮਰੇ 'ਚ ਕੈਦ ਹੋ ਗਿਆ ਹੈ।

ਦੱਸਣਯੋਗ ਹੈ ਕਿ ਜੌੜਾ ਫਾਟਕ ਨੇੜੇ ਦਰਦਨਾਕ ਰੇਲ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰ ਬਹੁਤ ਗੁੱਸੇ 'ਚ ਹਨ ਅਤੇ ਬੀਤੇ ਦਿਨ ਉਹ ਸੜਕਾਂ 'ਤੇ ਉਤਰ ਆਏ ਸਨ।ਇਸ ਕਾਰਨ ਲੋਕਾਂ ਨੇ ਪੁਲਿਸ ਨਾਲ ਹੱਥੋਪਾਈ ਵੀ ਕੀਤੀ।ਪੁਲਿਸ ਮੁਤਾਬਕ ਬੀਤੇ ਦਿਨ ਲੋਕਾਂ ਨੇ ਮਿੱਠੂ ਦੇ ਘਰ 'ਤੇ ਹਮਲਾ ਕਰ ਦਿੱਤਾ।ਉਸ ਦੇ ਘਰ 'ਤੇ ਪੱਥਰਬਾਜ਼ੀ ਕੀਤੀ ਅਤੇ ਖਿੜਕੀਆਂ ਤੇ ਸ਼ੀਸ਼ੇ ਤੋੜ ਦਿੱਤੇ।

ਜਾਣਕਾਰੀ ਅਨੁਸਾਰ ਘਰੋਂ ਫ਼ਰਾਰ ਹੋਣ ਤੋਂ ਬਾਅਦ ਮਿੱਠੂ ਅਤੇ ਸਾਰੇ ਪਰਿਵਾਰਕ ਮੈਂਬਰਾਂ ਨੇ ਆਪਣੇ ਮੋਬਾਈਲ ਫ਼ੋਨ ਬੰਦ ਕਰ ਲਏ ਹਨ।ਉਨ੍ਹਾਂ ਦੇ ਘਰ ਦੇ ਬਾਹਰ ਪੁਲਿਸ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।ਦੱਸਣਯੋਗ ਹੈ ਕਿ ਸੌਰਵ ਮਦਾਨ ਉਰਫ਼ ਮਿੱਠੂ ਕੌਂਸਲਰ ਵਿਜੈ ਮਦਾਨ ਦਾ ਬੇਟਾ ਹੈ।ਦੱਸਿਆ ਜਾਂਦਾ ਹੈ ਕਿ ਮਿੱਠੂ ਮਦਾਨ ਦੀਆਂ ਸਿੱਧੂ ਪਰਿਵਾਰ ਨਾਲ ਕਾਫ਼ੀ ਨਜ਼ਦੀਕੀਆਂ ਹਨ ,ਜਿਸ ਦੀਆਂ ਨਵਜੋਤ ਕੌਰ ਸਿੱਧੂ ਨਾਲ ਫੋਟੋਆਂ ਵੀ ਵਾਇਰਲ ਹੋਈਆਂ ਸਨ।

-PTCNews

Related Post