ਪੰਜਾਬ ਸਰਕਾਰ ਤੋਂ ਪੈਟਰੋਲ ਅਤੇ ਡੀਜ਼ਲ ਉੱਤੇ ਟੈਕਸ ਘੱਟ ਕਰਵਾਉਣ ਲਈ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ:ਸ਼੍ਰੋਮਣੀ ਅਕਾਲੀ ਦਲ

By  Shanker Badra June 18th 2018 09:26 PM -- Updated: June 18th 2018 09:27 PM

ਪੰਜਾਬ ਸਰਕਾਰ ਤੋਂ ਪੈਟਰੋਲ ਅਤੇ ਡੀਜ਼ਲ ਉੱਤੇ ਟੈਕਸ ਘੱਟ ਕਰਵਾਉਣ ਲਈ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ:ਸ਼੍ਰੋਮਣੀ ਅਕਾਲੀ ਦਲ:ਸ਼੍ਰੋਮਣੀ ਅਕਾਲੀ ਦਲ ਪੰਜਾਬ ਸਰਕਾਰ ਉੱਤੇ ਪੈਟਰੋਲ ਅਤੇ ਡੀਜ਼ਲ ਸੂਬਾਈ ਟੈਕਸ ਘਟਾਉਣ ਵਾਸਤੇ ਦਬਾਅ ਪਾਉਣ ਲਈ ਇੱਕ ਰਾਜ -ਪੱਧਰੀ ਮੁਹਿੰਮ ਸ਼ੁਰੂ ਕਰੇਗਾ ਤਾਂ ਕਿ ਇਹਨਾਂ ਦੋਵੇਂ ਪੈਟਰੋਲੀਅਮ ਵਸਤਾਂ ਦੀਆਂ ਕੀਮਤਾਂ ਘੱਟੋ ਘੱਟ 10 ਰੁਪਏ ਪ੍ਰਤੀ ਲੀਟਰ ਥੱਲੇ ਆ ਜਾਣ।ਇਸ ਦੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਬੁਲਾਰੇ ਹਰਚਰਨ ਬੈਂਸ ਨੇ ਕਿਹਾ ਕਿ ਕੱਲ ਸ਼ਾਮੀਂ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ ਇਸ ਬਾਰੇ ਫੈਸਲਾ ਲਿਆ ਗਿਆ ਹੈ।

ਪਾਰਟੀ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿਚ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ ਪਾਰਟੀ ਦੇ ਸਰਪ੍ਰਸਤ ਅਤੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਸ.ਪ੍ਰਕਾਸ਼ ਸਿੰਘ ਬਾਦਲ ਵੀ ਹਾਜ਼ਿਰ ਸਨ।ਉਹਨਾਂ ਤੋਂ ਇਲਾਵਾ ਇਸ ਮੀਟਿੰਗ ਵਿਚ ਭਾਈ ਗੋਬਿੰਦ ਸਿੰਘ ਲੌਂਗੋਵਾਲ,ਰਣਜੀਤ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ ਢੀਂਡਸਾ,ਬਲਵਿੰਦਰ ਸਿੰਘ ਭੂੰਦੜ,ਜਥੇਦਾਰ ਤੋਤਾ ਸਿੰਘ,ਮਹੇਸ਼ਇੰਦਰ ਸਿੰਘ ਗਰੇਵਾਲ,ਬਿਕਰਮ ਸਿੰਘ ਮਜੀਠੀਆ, ਡਾਕਟਰ ਦਲਜੀਤ ਸਿੰਘ ਚੀਮਾ,ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ,ਸਿਕੰਦਰ ਸਿੰਘ ਮਲੂਕਾ ਅਤੇ ਸ਼ਰਨਜੀਤ ਸਿੰਘ ਢਿੱਲੋਂ ਵੀ ਸ਼ਾਮਿਲ ਸਨ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਬੈਂਸ ਨੇ ਕਿਹਾ ਕਿ ਪਾਰਟੀ ਦੀਆਂ ਜ਼ਿਲ੍ਹਾ ਪੱਧਰੀ ਇਕਾਈਆਂ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪਣਗੀਆਂ ਅਤੇ ਪੰਜਾਬ ਸਰਕਾਰ ਨੂੰ ਜ਼ੋਰ ਦੇ ਕੇ ਇਹਨਾਂ ਵਸਤਾਂ ਦੀ ਕੀਮਤ ਘਟਾਉਣ ਲਈ ਕਹਿਣਗੀਆਂ ਤਾਂ ਕਿ ਆਮ ਆਦਮੀ ਨੂੰ ਰਾਹਤ ਮਿਲ ਸਕੇ।ਬੈਂਸ ਨੇ ਕਿਹਾ ਕਿ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇਣ ਸਮੇਂ ਹਰ ਇਲਾਕੇ ਵਿਚ ਸੀਨੀਅਰ ਕੋਰ ਕਮੇਟੀ ਮੈਂਬਰ ਪਾਰਟੀ ਵਰਕਰਾਂ ਦੀ ਅਗਵਾਈ ਕਰਨਗੇ।

ਬੈਂਸ ਨੇ ਕਿਹਾ ਕਿ ਪੰਜਾਬ ਵਿਚ ਪੈਟਰੋਲ ਅਤੇ ਡੀਜ਼ਲ ਉੱਤੇ ਸੂਬਾਈ ਟੈਕਸ ਦਾ ਬੋਝ ਸਭ ਤੋਂ ਵੱਧ ਹੈ।ਉਹਨਾਂ ਕਿਹਾ ਕਿ ਜੇਕਰ ਸਰਕਾਰ ਅਤੇ ਕਾਂਗਰਸ ਪਾਰਟੀ ਪੈਟਰੋਲ ਅਤੇ ਡੀਜ਼ਲ ਦੀਆਂ ਉੱਚੀਆਂ ਕੀਮਤਾਂ ਕਰਕੇ ਲੋਕਾਂ ਉੱਤੇ ਪਏ ਬੋਝ ਪ੍ਰਤੀ ਸੱਚਮੁੱਚ ਸੰਜੀਦਾ ਹਨ ਤਾਂ ਲੋਕਾਂ ਨੂੰ ਰਾਹਤ ਦੇਣ ਲਈ ਪੈਟਰੋਲੀਅਮ ਵਸਤਾਂ ਦੀ ਕੀਮਤ ਵਿਚ ਘੱਟੋ ਘੱਟ 10 ਰੁਪਏ ਪ੍ਰਤੀ ਲੀਟਰ ਦੀ ਰਾਹਤ ਦੇਣੀ ਚਾਹੀਦੀ ਹੈ।ਬੈਂਸ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹਨਾਂ ਪੈਟਰੋਲ ਅਤੇ ਡੀਜ਼ਲ ਉੱਤੇ ਇੰਨੀ ਹੀ ਰਾਹਤ ਕੇਂਦਰ ਸਰਕਾਰ ਕੋਲੋਂ ਮੰਗੀ ਜਾਵੇਗੀ।

-PTCNews

Related Post