ਗੋਆ ਤੋਂ ਬਾਅਦ ਇਹ ਸੂਬਾ ਵੀ 'ਕੋਰੋਨਾ ਮੁਕਤ', ਤੇ ਪੰਜਾਬ..?

By  Panesar Harinder April 21st 2020 01:24 PM -- Updated: April 21st 2020 01:25 PM

ਇੰਫਾਲ - ਦੇਸ਼-ਦੁਨੀਆ ਤੋਂ ਕੋਰੋਨਾ ਦਾ ਪ੍ਰਕੋਪ ਵਧਣ ਦੇ ਮਾਮਲਿਆਂ ਨਾਲ ਜਿੱਥੇ ਮਾਨਸਿਕ ਪਰੇਸ਼ਾਨੀ ਦਾ ਅਹਿਸਾਸ ਹੁੰਦਾ ਹੈ, ਉੱਥੇ ਹੀ ਮਣੀਪੁਰ ਤੋਂ ਆਈ ਤਾਜ਼ਾ ਖ਼ਬਰ ਰਾਹਤ ਦੇਣ ਵਾਲੀ ਹੈ। ਮਣੀਪੁਰ ਦੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਤੋਂ ਮੁਕਤ ਹੋਣ ਦੀ ਖ਼ਬਰ ਮਿਲੀ ਹੈ। ਕਿਹਾ ਜਾ ਰਿਹਾ ਹੈ ਕਿ ਸੂਬੇ 'ਚ ਹੁਣ ਕੋਈ ਪਾਜ਼ੀਟਿਵ ਵਿਅਕਤੀ ਨਹੀਂ ਹੈ। ਇਸ ਤੋਂ ਪਹਿਲਾਂ ਗੋਆ ਦੇ ਵੀ ਕੋਰੋਨਾ ਮੁਕਤ ਹੋਣ ਬਾਰੇ ਖ਼ਬਰਾਂ ਪ੍ਰਾਪਤ ਹੋਈਆਂ ਸੀ।

ਇਸ ਬਾਰੇ ਦੱਸਦੇ ਹੋਏ ਮਣੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਟਵੀਟ ਕੀਤਾ ਹੈ ਜਿਸ 'ਚ ਕਿਹਾ ਗਿਆ ਹੈ "ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮਣੀਪੁਰ ਹੁਣ ਕੋਰੋਨਾ ਮੁਕਤ ਹੈ। ਦੋਵੇਂ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਰਿਪੋਰਟ ਹੁਣ ਨੈਗੇਟਿਵ ਆਈ ਹੈ। ਸੂਬੇ 'ਚ ਹੁਣ ਕੋਰੋਨਾ ਦਾ ਕੋਈ ਨਵਾਂ ਕੇਸ ਨਹੀਂ ਹੈ।"

ਮਣੀਪੁਰ ਤੋਂ ਪਹਿਲਾਂ ਗੋਆ ਦੇਸ਼ ਦਾ ਪਹਿਲਾ ਸੂਬਾ ਬਣਿਆ ਸੀ, ਜਿੱਥੇ ਸਾਰੇ ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਸਨ। ਗੋਆ ਵਿਖੇ COVID-19 ਦੇ ਸਾਰੇ 7 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਗਏ ਸਨ ਅਤੇ ਸਾਰਿਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।

ਗੋਆ ਬਾਰੇ ਇਹ ਜਾਣਕਾਰੀ ਉੱਥੋਂ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਅਤੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਸੀ। ਸੀ.ਐਮ. ਨੇ ਆਪਣੇ ਟਵੀਟ 'ਚ ਕਿਹਾ, "ਇਹ ਗੋਆ ਲਈ ਰਾਹਤ ਅਤੇ ਸੰਤੁਸ਼ਟੀ ਦਾ ਸਮਾਂ ਹੈ, ਜਿੱਥੇ ਕੋਰੋਨਾ ਵਾਇਰਸ ਦੇ ਆਖਰੀ ਪਾਜ਼ੀਟਿਵ ਮਰੀਜ਼ ਵੀ ਤੰਦਰੁਸਤ ਹੋ ਕੇ ਆਪਣੇ ਘਰ ਚਲੇ ਗਏ ਹਨ। ਡਾਕਟਰਾਂ ਅਤੇ ਮੈਡੀਕਲ ਸਟਾਫ਼ ਦੀਆਂ ਟੀਮਾਂ ਪ੍ਰਸ਼ੰਸਾ ਦੀਆਂ ਹੱਕਦਾਰ ਹਨ। 3 ਅਪ੍ਰੈਲ ਤੋਂ ਬਾਅਦ ਗੋਆ 'ਚ ਕੋਰੋਨਾ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ।"

ਇੱਥੇ ਇਹ ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਤੋਂ ਬਚਾਅ ਕਾਰਨ ਸਾਰੇ ਭਾਰਤ 'ਚ ਇਸ ਵੇਲੇ ਲੌਕਡਾਊਨ ਲਗਾਇਆ ਗਿਆ ਹੈ, ਅਤੇ ਸਾਰੇ ਦੇਸ਼ ਵਿੱਚ ਕੋਰੋਨਾ ਦੇ ਤਾਜ਼ਾ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ 47 ਮੌਤਾਂ ਅਤੇ 1336 ਨਵੇਂ ਮਾਮਲਿਆਂ ਦੀ ਜਾਣਕਾਰੀ ਹਾਸਲ ਹੁੰਦੀ ਹੈ। ਫ਼ਿਲਹਾਲ ਪੰਜਾਬ ਕੋਰੋਨਾ ਦੇ ਪ੍ਰਕੋਪ ਹੇਠ ਹੈ ਅਤੇ ਕੁਝ ਹੌਟਸਪੌਟ ਕਹੇ ਜਾਂਦੇ ਇਲਾਕਿਆਂ ਵਿੱਚ ਲਗਾਤਾਰ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਉਂਦੇ ਜਾ ਰਹੇ ਹਨ।

Related Post