ਕੋਰੋਨਾ ਕਰ ਰਿਹੈ ਸਿੱਖ ਡਾਕਟਰਾਂ ਨੂੰ ਦਾੜ੍ਹੀ ਕਟਵਾਉਣ ਲਈ ਮਜਬੂਰ, ਬਰਤਾਨਵੀ ਸਿੱਖ ਡਾਕਟਰਾਂ ਨੇ ਕੀਤਾ ਵਿਰੋਧ

By  Shanker Badra May 6th 2020 04:04 PM

ਕੋਰੋਨਾ ਕਰ ਰਿਹੈ ਸਿੱਖ ਡਾਕਟਰਾਂ ਨੂੰ ਦਾੜ੍ਹੀ ਕਟਵਾਉਣ ਲਈ ਮਜਬੂਰ, ਬਰਤਾਨਵੀ ਸਿੱਖ ਡਾਕਟਰਾਂ ਨੇ ਕੀਤਾ ਵਿਰੋਧ:ਲੰਡਨ : ਕੋਰੋਨਾ ਵਾਇਰਸ ਦੁਨੀਆ ਭਰ ਵਿਚ ਪੈਰ ਪਸਾਰਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਬਰਤਾਨੀਆ ਦੇ ਸਿੱਖ ਡਾਕਟਰਾਂ ਨੇ ਜਬਰੀ ਦਾੜ੍ਹੀ ਸਾਫ਼ ਕਰਵਾਉਣ ਦੇ ਕੌਮੀ ਸਿਹਤ ਸੇਵਾ ਦੇ ਫ਼ੈਸਲੇ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਹੈ। ਕੌਮੀ ਸਿਹਤ ਸੇਵਾ ਦੇ ਆਦੇਸ਼ ਅਨੁਸਾਰ ਵੱਖ-ਵੱਖ ਹਸਪਤਾਲਾਂ ਵਿਚ ਕੋਰੋਨਾ ਵਾਇਰਸ ਦਾ ਇਲਾਜ ਕਰ ਰਹੇ ਹਨ,ਉਨ੍ਹਾਂ ਡਾਕਟਰਾਂ ਨੂੰ ਫਰੰਟਲਾਈਨ ਡਿਊਟੀ ਤੋਂ ਇਸ ਕਰ ਕੇ ਹਟਾ ਦਿੱਤਾ ਗਿਆ ਹੈ ਕਿ ਉਨ੍ਹਾਂ ਨੇ ਦਾੜ੍ਹੀ ਕਟਵਾਉਣ ਤੋਂ ਇਨਕਾਰ ਕਰ ਦਿੱਤਾ।

ਦਰਅਸਲ 'ਚ ਬਰਤਾਨਵੀ ਸਿੱਖ ਡਾਕਟਰਾਂ ਨੂੰ ਕੋਰੋਨਾ ਵਾਇਰਸ ਦੌਰਾਨ ਹਸਪਤਾਲਾਂ ’ਚ ਡਿਊਟੀ ਨਹੀਂ ਦਿੱਤੀ ਜਾ ਰਹੀ ਕਿਉਂਕਿ ਸਿਹਤ ਵਿਭਾਗ ਮੁਤਾਬਕ ਉਨ੍ਹਾਂ ਦੀ ਦਾੜ੍ਹੀ ਮਹਾਮਾਰੀ ਦੇ ਇਲਾਜ ਵਿੱਚ ਰੁਕਾਵਟ ਹੈ। ਇਸ ਲਈ ਵਿਭਾਗ ਨੇ ਉਨ੍ਹਾਂ ਨੂੰ ਦਾੜ੍ਹੀ ਕਟਵਾਉਣ ਜਾਂ ਉਸਤਰਾ ਲਵਾਉਣ ਲਈ ਆਖਿਆ ਗਿਆ ਹੈ। ਵਿਭਾਗ ਦਾ ਤਰਕ ਹੈ ਕਿ ਸਿੱਖਾਂ ਦੀ ਦਾੜ੍ਹੀ ਕਾਰਨ ਚਿਹਰੇ 'ਤੇ ਕਾਫੀ ਵਾਲ ਹੁੰਦੇ ਹਨ ਜੋ ਸੁਰੱਖਿਆ ਮਾਸਕ ਨੂੰ ਪੂਰੀ ਤਰ੍ਹਾਂ ਨਾਲ ਫਿਟ ਨਹੀਂ ਹੋਣ ਦਿੰਦੇ। ਇਸ ਕਰਕੇ ਸਿੱਖ ਡਾਕਟਰਾਂ ਨੂੰ ਕੋਰੋਨਾ ਵਾਇਰਸ ਪੀੜਤਾਂ ਦਾ ਇਲਾਜ ਨਹੀਂ ਕਰਨ ਦਿੱਤਾ ਜਾ ਰਿਹਾ ਹੈ।

ਸਿੱਖ ਡਾਕਟਰਜ਼ ਐਸੋਸੀਏਸ਼ਨ ਅਨੁਸਾਰ ਘੱਟੋ-ਘੱਟ ਪੰਜ ਸਿੱਖ ਡਾਕਟਰਾਂ ਨੂੰ ਹਸਪਤਾਲਾਂ 'ਚ ਫ਼ਰੰਟਲਾਈਨ ਡਿਊਟੀ ਤੋਂ ਇਸ ਕਰ ਕੇ ਹਟਾ ਦਿਤਾ ਗਿਆ ਕਿਉਂਕਿ ਉਨ੍ਹਾਂ ਦਾੜ੍ਹੀ ਸਾਫ਼ ਕਰਨ ਤੋਂ ਇਨਕਾਰ ਕਰ ਦਿਤਾ। ਅਜਿਹਾ ਕੌਮੀ ਸਿਹਤ ਸੇਵਾ ਦੇ ਨਵੇਂ ਕਥਿਤ 'ਫਿੱਟ ਟੈਸਟ' ਦੀ ਸ਼ਰਤ ਨੂੰ ਲੈ ਕੇ ਕੀਤਾ ਗਿਆ ਹੈ। ਸਿੱਖ ਡਾਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਨੇ ਦਸਿਆ ਕਿ ਇਹ ਪੰਜ ਡਾਕਟਰ ਸਾਡੇ ਸੰਪਰਕ ਵਿਚ ਹਨ ਤੇ ਮੁੱਖ ਡਿਊਟੀ ਤੋਂ ਲਾਂਭੇ ਕਰਨ 'ਤੇ ਤਣਾਅ 'ਚ ਹਨ।

ਡਾ. ਸੁਖਦੇਵ ਸਿੰਘ ਨੇ ਦਸਿਆ ਕਿ ਇਹ ਸਮੱਸਿਆ ਵਿਸ਼ੇਸ਼ 'ਫੇਸ ਪ੍ਰੋਟੈਕਟਿਵ ਮਾਸਕ' ਦੀ ਕਮੀ ਕਾਰਨ ਆਈ ਹੈ ਜੋਕਿ ਆਈਸੀਯੂ ਵਿਚ ਵਰਤੇ ਜਾਂਦੇ ਹਨ। ਉਨ੍ਹਾਂ ਦਸਿਆ ਕਿ ਇਨ੍ਹਾਂ ਪੰਜਾਂ ਡਾਕਟਰਾਂ ਦੀ ਸਮੱਸਿਆ ਦਾ ਹੱਲ ਮਹਿੰਗੀ ਪੇਪਰਜ਼ ਕਿੱਟ ਨਾਲ ਕੀਤਾ ਜਾ ਰਿਹਾ ਹੈ ਕਿ ਜੋ ਕਿ 1000 ਪੌਂਡ 'ਚ ਮਿਲਦੀ ਹੈ ਤੇ ਦੁਬਾਰਾ ਵਰਤੀ ਜਾ ਸਕਦੀ ਹੈ। ਉਧਰ, ਸਿੱਖ ਕੌਂਸਲ ਦਾ ਕਹਿਣਾ ਹੈ ਕਿ ਦਾੜ੍ਹੀ ਰੱਖਣਾ ਸਿੱਖ ਧਰਮ ਦੀ ਮਰਿਆਦਾ ਨਾਲ ਜੁੜਿਆ ਮੁੱਦਾ ਹੈ ਤੇ ਸਰਕਾਰ 'ਫਿੱਟ ਟੈਸਟ' ਦੇ ਨਾਂ 'ਤੇ ਕਿਸੇ ਸਿੱਖ ਡਾਕਟਰ ਨੂੰ ਦਾੜ੍ਹੀ ਦੇ ਵਾਲ ਸਾਫ਼ ਕਰਵਾਉਣ ਲਈ ਮਜਬੂਰ ਨਹੀਂ ਕਰ ਸਕਦੀ। ਕੌਮੀ ਸਿਹਤ ਸੇਵਾ ਨੇ ਇਸ ਦੌਰਾਨ ਕਿਹਾ ਹੈ ਕਿ ਉਹ ਇਸ ਮਾਮਲੇ ਵਿਚ ਢੁਕਵੇਂ ਕਦਮ ਚੁੱਕ ਰਹੀ ਹੈ।

-PTCNews

Related Post