ਕੋਰੋਨਾ ਕਾਰਨ ਟੀਕਾਕਰਨ ਬੁਰੀ ਤਰ੍ਹਾਂ ਪ੍ਰਭਾਵਿਤ, ਦੁਨੀਆ ਭਰ ਦੇ ਬੱਚਿਆਂ 'ਤੇ ਮੰਡਰਾਉਂਦਾ ਖ਼ਤਰਾ

By  Panesar Harinder July 19th 2020 01:19 PM

ਨਵੀਂ ਦਿੱਲੀ - ਸਾਰੀ ਦੁਨੀਆ ਨੂੰ ਸਿਹਤ, ਆਰਥਿਕ ਅਤੇ ਸਮਾਜਿਕ ਮਾਰ ਮਾਰ ਰਹੀ ਕੋਰੋਨਾ ਮਹਾਮਾਰੀ ਦਾ ਕਾਲਾ ਪਰਛਾਵਾਂ ਦੁਨੀਆ ਭਰ ਦੇ ਬੱਚਿਆਂ ਦੇ ਆਉਣ ਵਾਲੇ ਕੱਲ੍ਹ ’ਤੇ ਪੈ ਰਿਹਾ ਹੈ। ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਯੂਨੀਸੈਫ਼ (UNICEF) ਨੇ ਕਿਹਾ ਹੈ ਕਿ ਕੋਰੋਨਾ ਕਾਰਨ ਬੱਚਿਆਂ ਦਾ ਟੀਕਾਕਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਕੋਰੋਨਾ ਕਾਰਨ ਅਨੇਕਾਂ ਦੇਸ਼ਾਂ ਦੇ ਨਾਗਰਿਕ ਆਪਣੇ ਬੱਚਿਆਂ ਨੂੰ ਖਸਰਾ, ਚੇਚਕ, ਪੋਲਿਓ ਆਦਿ ਦਾ ਸੂਚੀਬੱਧ ਟੀਕਾਕਰਨ ਕਰਵਾਉਣ ਤੋਂ ਪਰਹੇਜ਼ ਕਰ ਰਹੇ ਹਨ। ਕੋਰੋਨਾ ਦਾ ਅਸਰ ਭਾਰਤ ਵਿੱਚ ਚੱਲਦੇ ਟੀਕਾਕਰਨ 'ਤੇ ਵੀ ਪੈ ਰਿਹਾ ਹੈ। ਬੜੀ ਮਿਹਨਤ ਅਤੇ ਹਿੰਮਤ ਸਦਕਾ ਭਾਰਤ ਅੰਦਰ ਪੋਲਿਓ ਨੂੰ ਮਾਤ ਦਿੱਤੀ ਗਈ ਹੈ, ਪਰ ਜਿਸ ਤਰੀਕੇ ਨਾਲ ਨਵਜੰਮੇ ਬੱਚਿਆਂ ਦਾ ਟੀਕਾਕਰਨ ਪ੍ਰਭਾਵਿਤ ਹੋ ਰਿਹਾ ਹੈ, ਉਸ ਨਾਲ ਭਾਰਤ ਦੇ ਬੱਚਿਆਂ ਵਿੱਚ ਪੋਲਿਓ ਦੇ ਮਾਮਲੇ ਵਧਣ ਦਾ ਡਰ ਸੁਭਾਵਿਕ ਹੈ।

Coronavirus disturbed child vaccination WHO

COVID-19 ਕਾਰਨ ਬੱਚਿਆਂ ਦੇ ਟੀਕਾਕਰਨ ਵਿੱਚ ਵੱਡੇ ਪੱਧਰ ’ਤੇ ਆ ਰਹੀ ਕਮੀ ਨੂੰ ਲੈ ਕੇ ਚੇਤਾਵਨੀ ਦਿੰਦੇ ਹੋਏ ਕਿਹਾ ਗਿਆ ਹੈ, ਕਿ ਮੌਜੂਦਾ ਦੌਰ 'ਚ ਜਨਮ ਲੈਣ ਵਾਲੇ ਬੱਚਿਆਂ ਨੂੰ ਪੰਜ ਸਾਲ ਦੀ ਉਮਰ ਤੱਕ ਆਉਂਦੇ ਆਉਂਦੇ ਸਾਰੇ ਜ਼ਰੂਰੀ ਟੀਕੇ ਲੱਗ ਜਾਣ ਦੀ ਸੰਭਾਵਨਾ, 20 ਫੀਸਦੀ ਤੋਂ ਵੀ ਘੱਟ ਹੈ। ਯੂਨੀਸੈਫ਼, ਵਿਸ਼ਵ ਸਿਹਤ ਸੰਗਠਨ (WHO) ਅਤੇ ਗਾਵੀ (GAVI - Global Alliance for Vaccines and Immunization) ਵੱਲੋਂ ਕੀਤੇ ਗਏ ਅਧਿਐਨ ਮੁਤਾਬਿਕ ਜਿਨ੍ਹਾਂ 82 ਦੇਸ਼ਾਂ ਵਿੱਚ ਸਰਵੇ ਕੀਤਾ ਗਿਆ, ਉਨ੍ਹਾਂ ਵਿੱਚੋਂ ਬਹੁਤੇ ਦੇਸ਼ਾਂ ਦਾ ਟੀਕਾਕਰਨ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪ੍ਰਭਾਵਿਤ ਹੋਇਆ ਹੈ।

Coronavirus disturbed child vaccination WHO

ਸਰਵੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦੁਨੀਆ ਭਰ 'ਚ ਖਸਰਾ ਨਾਲ ਜੁੜੀਆਂ 30 ਤੋਂ ਜ਼ਿਆਦਾ ਮੁਹਿੰਮਾਂ ਜਾਂ ਤਾਂ ਬੰਦ ਹੋ ਚੁੱਕੀਆਂ ਹਨ, ਜਾਂ ਫਿਰ ਉਨ੍ਹਾਂ ਉੱਤੇ ਬੰਦ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਸੂਚੀਬੱਧ ਤੇ ਜ਼ਰੂਰੀ ਟੀਕਾਕਰਨ ਨਾ ਹੋਣ ਕਾਰਨ ਬੱਚਿਆਂ ਦੀਆਂ ਅਜਿਹੀਆਂ ਬਿਮਾਰੀਆਂ ਨਾਲ ਮੌਤ ਹੋਣ ਦਾ ਖ਼ਤਰਾ COVID-19 ਨਾਲੋਂ ਜ਼ਿਆਦਾ ਹੈ, ਜਿਨ੍ਹਾਂ ਬਿਮਾਰੀਆਂ ਤੋਂ ਬੱਚਿਆਂ ਨੂੰ ਬਚਾਇਆ ਜਾ ਸਕਦਾ ਸੀ। ਪਤਾ ਲੱਗਿਆ ਹੈ ਕਿ ਮਹਾਮਾਰੀ ਤੋਂ ਪਹਿਲਾਂ ਵੀ ਲਗਭਗ 1.4 ਕਰੋੜ ਬੱਚਿਆਂ ਦਾ ਟੀਕਾਕਰਨ ਨਹੀਂ ਹੋਣ ਬਾਰੇ ਜਾਣਕਾਰੀ ਮਿਲੀ ਸੀ, ਅਤੇ ਉਨ੍ਹਾਂ ਬੱਚਿਆਂ ਵਿੱਚੋਂ ਜ਼ਿਆਦਾਤਰ ਬੱਚੇ ਅਫ਼ਰੀਕਾ ਮਹਾਂਦੀਪ ਦੇ ਰਹਿਣ ਵਾਲੇ ਹਨ।

Coronavirus disturbed child vaccination WHO

ਸਾਰੇ ਦੇਸ਼ਾਂ ਸਮੇਤ ਸੂਬਾ ਸਰਕਾਰਾਂ ਤੇ ਉਨ੍ਹਾਂ ਦੇ ਸਿਹਤ ਵਿਭਾਗਾਂ ਨੂੰ ਇਸ ਪਾਸੇ ਗੰਭੀਰਤਾ ਨਾਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਬੱਚੇ ਸਾਡਾ ਭਵਿੱਖ ਹਨ ਅਤੇ ਭਵਿੱਖ ਨਾਲ ਕਿਸੇ ਕਿਸਮ ਦਾ ਜੋਖਮ ਨਹੀਂ ਚੁੱਕਿਆ ਜਾ ਸਕਦਾ।

Related Post